ਮੁੰਬਈ, 5 ਸਤੰਬਰ
ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਤੇ ਉਨ੍ਹਾਂ ਨਾਲ ਕਾਰ ਵਿੱਚ ਬੈਠੇ ਜਹਾਂਗੀਰ ਪੰਡੋਲਾ ਦੀ ਸੜਕ ਹਾਦਸੇ ’ਚ ਹੋਈ ਮੌਤ ਦੇ ਮਾਮਲੇ ’ਚ ਪੁਲੀਸ ਨੇ ਆਪਣੀ ਮੁੱਢਲੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਹਾਦਸੇ ਸਮੇਂ ਉਨ੍ਹਾਂ ਨੇ ਸੀਟ ਬੈਲਟ ਨਹੀਂ ਲਾਈ ਹੋਈ ਸੀ ਅਤੇ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਕਾਰ ਡਿਵਾਈਡਰ ਨਾਲ ਟਕਰਾਉਣ ਕਾਰਨ ਸਾਇਰਸ ਮਿਸਤਰੀ ਤੇ ਇੱਕ ਹੋਰ ਵਿਅਕਤੀ ਦੀ ਮੌਤ ਹੋ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਮਰਸਿਡੀਜ਼ ਕਾਰ ਨੇ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ’ਚ ਚਰੋਤੀ ਨਾਕਾ ਪਾਰ ਕਰਨ ਮਗਰੋਂ ਸਿਰਫ਼ ਨੌਂ ਮਿੰਟ ਅੰਦਰ ਹੀ 20 ਕਿਲੋਮੀਟਰ ਦਾ ਰਾਹ ਪਾਰ ਕਰ ਲਿਆ ਸੀ। ਹਾਦਸੇ ਸਮੇਂ ਮਿਸਤਰੀ ਅਹਿਮਦਾਬਾਦ ਤੋਂ ਮੁੰਬਈ ਆ ਰਹੇ ਸਨ। ਅਧਿਕਾਰੀਆਂ ਨੇ ਦੱਸਿਆ, ‘ਮੁੱਢਲੀ ਜਾਂਚ ਅਨੁਸਾਰ ਰਫ਼ਤਾਰ ਤੇਜ਼ ਹੋਣ ਅਤੇ ਕਾਰ ’ਤੇ ਕੰਟਰੋਲ ਨਾਲ ਰਹਿਣ ਕਾਰਨ ਇਹ ਹਾਦਸਾ ਵਾਪਰਿਆ ਹੈ। ਹਾਦਸੇ ’ਚ ਹਲਾਕ ਹੋਏ ਦੋਵਾਂ ਵਿਅਕਤੀਆਂ ਨੇ ਸੀਟ ਬੈਲਟ ਨਹੀਂ ਲਾਈ ਹੋਈ ਸੀ।’ ਉਨ੍ਹਾਂ ਕਿਹਾ ਕਿ ਚਾਰੋਤੀ ਨਾਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖਣ ’ਤੇ ਪਤਾ ਲੱਗਾ ਕਿ ਇਹ ਕਾਰ ਬਾਅਦ ਦੁਪਹਿਰ 2.21 ਵਜੇ ਇੱਥੋਂ ਲੰਘੀ ਸੀ ਤੇ ਨੌਂ ਮਿੰਟ ਮਗਰੋਂ 2.30 ਵਜੇ ਇੱਥੋਂ 20 ਕਿਲੋਮੀਟਰ ਦੂਰ ਜਾ ਕੇ ਇਹ ਹਾਦਸਾ ਵਾਪਰ ਗਿਆ। ਮੁੰਬਈ ਦੇ ਜੇਜੇ ਹਸਪਤਾਲ ’ਚ ਸਾਇਰਸ ਮਿਸਤਰੀ ਤੇ ਜਹਾਂਗੀਰ ਪੰਡੋਲੇ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਗਿਆ। ਹਸਪਤਾਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸਾਇਰਸ ਮਿਸਤਰੀ ਤੇ ਜਹਾਂਗੀਰ ਪੰਡੋਲੇ ਦੀਆਂ ਲਾਸ਼ਾਂ ਦੇਰ ਰਾਤ 12.05 ਵਜੇ ਹਸਪਤਾਲ ਲਿਆਂਦੀਆਂ ਗਈਆਂ ਤੇ ਦੇਰ ਰਾਤ 2.27 ਵਜੇ ਪੋਸਟਮਾਰਟਮ ਕੀਤਾ ਗਿਆ। -ਪੀਟੀਆਈ
ਹਾਦਸੇ ਦੇ ਜ਼ਖਮੀਆਂ ਦਾ ਇਲਾਜ ਜਾਰੀ
ਸੜਕ ਹਾਦਸੇ ’ਚ ਜ਼ਖ਼ਮੀ ਹੋਈ ਅਨਾਹਿਤਾ ਪੰਡੋਲੇ ਦੀ ਸਰਜਰੀ ਕੀਤੀ ਗਈ ਹੈ ਜਦਕਿ ਉਸ ਦਾ ਪਤੀ ਡਾਰੀਅਸ ਪੰਡੋਲੇ ਆਈਸੀਯੂ ’ਚ ਦਾਖਲ ਹੈ। ਪੰਡੋਲੇ ਪਤੀ-ਪਤਨੀ ਨੂੰ ਹਾਦਸੇ ਤੋਂ ਬਾਅਦ ਗੁਜਰਾਤ ਦੇ ਵਾਪੀ ਸ਼ਹਿਰ ਦੇ ਇੱਕ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਨ੍ਹਾਂ ਅੱਜ ਮੁੰਬਈ ਦੇ ਸਰ ਐੱਚਐੱਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ।