ਨਵੀਂ ਦਿੱਲੀ, 14 ਜੂਨਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ’ਤੇ ਜ਼ਮੀਨ ਖਰੀਦ ਮਾਮਲੇ ਵਿੱਚ ਕਥਿਤ ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦਿਆਂ ਸੋਮਵਾਰ ਨੂੰ ਦੋਸ਼ ਲਾਇਆ ਕਿ ਰਾਮ ਮੰਦਿਰ ਲਈ ਮਿਲੇ ਚੰਦੇ ਦੀ ਦੁਰਵਰਤੋਂ ਕਰੋੜਾਂ ਲੋਕਾਂ ਦੀ ਆਸਥਾ ਦਾ ਅਪਮਾਨ ਅਤੇ ਅਧਰਮ ਹੈ। ਪਾਰਟੀ ਦੀ ਉੱਤਰ ਪ੍ਰਦੇਸ ਇੰਚਾਰਜ ਪ੍ਰਿਯੰਕਾ ਨੇ ਟਵੀਟ ਕੀਤਾ, ‘‘ ਕਰੋੜਾਂ ਲੋਕਾਂ ਨੇ ਆਸਥਾ ਅਤੇ ਭਗਤੀ ਕਾਰਨ ਭਗਵਾਨ ਨੂੰ ਕਰੋੜਾਂ ਦਾ ਚੜ੍ਹਾਵਾ ਚੜ੍ਹਾਇਆ। ਉਸ ਚੰਦੇ ਦੀ ਦੁਰਵਰਤੋਂ ਅਧਰਮ ਹੈ, ਪਾਪ ਹੈ, ਉਨ੍ਹਾਂ ਦੀ ਆਸਥਾ ਦਾ ਅਪਮਾਨ ਹੈ। ’’ ਕਾਬਿਲੇਗੌਰ ਹੈ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਐਤਵਾਰ ਨੂੰ ਸ੍ਰੀ ਰਾਮ ਜਨਮ ਭੂਮੀ ਤੀਰਥ ਟਰੱਸਟ ’ਤੇ ਭ੍ਰਿਸ਼ਟਾਚਾਰ ਦਾ ਗੰਭੀਰ ਦੋਸ਼ ਲਗਾਉਂਦਿਆਂ ਇਸ ਦੀ ਸੀਬੀਆਈ ਅਤੇ ਈਡੀ ਜਾਂਚ ਕਰਾਉਣ ਦੀ ਮੰਗ ਕੀਤੀ ਸੀ।
ਰਾਮ ਮੰਦਿਰ ਨਿਰਮਾਣ ਲਈ ਜ਼ਮੀਨ ਖਰੀਦਣ ਦੇ ਕਥਿਤ ਘੁਟਾਲੇ ਦੀ ਜਾਂਚ ਹੋਵੇ: ਰਾਜਭਰ
ਬਲੀਆ(ਉੱਤਰ ਪ੍ਰਦੇਸ਼) ਕਦੇ ਭਾਜਪਾ ਦੀ ਭਾਈਵਾਲ ਰਹੀ ਸੁਹੇਲਦੇਵ ਭਾਰਤੀ ਸਮਾਜ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਓਮਪ੍ਰਕਾਸ ਰਾਜਭਰ ਨੇ ਰਾਮ ਮੰਦਿਰ ਨਿਰਮਾਣ ਲਈ ਜ਼ਮੀਨ ਖਰੀਦਣ ਵਿੱਚ ਹੋਏ ਕਥਿਤ ਘੁਟਾਲੇ ਦੀ ਸੋਮਵਾਰ ਨੂੰ ਸੀਬੀਆਈ ਅਤੇ ਈਡੀ ਤੋਂ ਜਾਂਚ ਕਰਾਉਣ ਦੀ ਮੰਗ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਵੀ ਪਿਛਲੇ ਦਿਨੀਂ ਉਨ੍ਹਾਂ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ। -ਏਜੰਸੀ