ਸ੍ਰੀਨਗਰ, 9 ਫਰਵਰੀ
ਸੰਸਦ ਹਮਲੇ ਦੇ ਦੋਸ਼ੀ ਮੁਹੰਮਦ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਦੇ ਅੱਠ ਸਾਲ ਪੂਰੇ ਹੋਣ ਦੇ ਮੌਕੇ ’ਤੇ ਕਸ਼ਮੀਰ ਵਿੱਚ ਬੰਦ ਦੇ ਦਿੱਤੇ ਸੱਦੇ ਦਾ ਮੰਗਲਵਾਰ ਨੂੰ ਰਲਵਾਂ ਮਿਲਵਾਂ ਅਸਰ ਦੇਖਣ ਨੂੰ ਮਿਲਿਆ। ਅਫਜ਼ਲ ਨੂੰ ਅੱਜ ਦੇ ਦਿਨ 2013 ਵਿੱਚ ਤਿਹਾੜ ਵਿੱਚ ਫਾਂਸੀ ਦਿੱਤੀ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿੱਚ ਮੰਗਲਵਾਰ ਸਵੇਰੇ ਦੁਕਾਨਾਂ, ਪੈਟਰੋਲ ਪੰਪ ਅਤੇ ਹੋਰਨਾਂ ਕਾਰੋਬਾਰੀ ਅਦਾਰੇ ਬੰਦ ਰਹੇ, ਜਦੋਂ ਕਿ ਸੜਕਾਂ ’ਤੇ ਆਵਾਜਾਈ ਘੱਟ ਰਹੀ। ਨਿਜੀ ਕਾਰਾਂ, ਆਟੋ ਰਿਕਸ਼ਾ ਅਤੇ ਟੈਕਸੀਆਂ ਸ਼ਹਿਰ ਦੀਆਂ ਸੜਕਾਂ ’ਤੇ ਚਲਦੀਆਂ ਰਹੀਆਂ। ਉਨ੍ਹਾਂ ਦੱਸਿਆ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸ਼ਹਿਰ ਅਤੇ ਵਾਦੀ ਦੀਆਂ ਸੰਵੇਦਨਸ਼ੀਲ ਥਾਵਾਂ ’ਤੇ ਵਧੇਰੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਜੰਮੂ ਕਸ਼ਮੀਰ ਲਬਿਰੇਸ਼ਨ ਫਰੰਟ (ਜੇਕੇਐਲਐਫ) ਨੇ ਪਿਛਲੇ ਹਫ਼ਤੇ ਅਫਜ਼ਲ ਗੁਰੂ ਅਤੇ ਉਸ ਦੇ ਬਾਨੀ ਮਕਬੂਲ ਬਟ ਨੂੰ ਫਾਂਸੀ ਦੇਣ ਦੀ ਬਰਸੀ ’ਤੇ 9 ਅਤੇ 11 ਫਰਵਰੀ ਨੂੰ ਵਾਦੀ ਵਿੱਚ ਹੜਤਾਲ ਦਾ ਐਲਾਨ ਕੀਤਾ ਸੀ।
-ਏਜੰਸੀ