ਐਜ਼ੌਲ, 21 ਮਾਰਚ
ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਥਾਂਗਾ ਨੇ ਅੱਜ ਮਿਆਂਮਾਰ ਦੇ ਵਿਦੇਸ਼ ਮੰਤਰੀ ਜ਼ਿਨ ਮਾਰ ਆਂਗ ਨਾਲ ਵਰਚੁਅਲੀ ਬੈਠਕ ਕਰਕੇ ਮੁਲਕ ਦੇ ਮੌਜੂਦਾ ਸਿਆਸੀ ਹਾਲਾਤ ਦਾ ਜਾਇਜ਼ਾ ਲੈਂਦਿਆਂ ਗੁਆਂਢੀ ਮੁਲਕ ’ਚ ਜ਼ੋ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਦੀ ਜਾਣਕਾਰੀ ਹਾਸਲ ਕੀਤੀ। ਬੈਠਕ ਦੌਰਾਨ ਅਮਰੀਕਾ ਆਧਾਰਿਤ ਮਿਜ਼ੋ ਆਗੂਆਂ ਨੇ ਵੀ ਸ਼ਿਰਕਤ ਕੀਤੀ ਅਤੇ ਜ਼ੋਰਮਥਾਂਗਾ ਨੇ ਮਿਆਂਮਾਰ ਦੇ ਲੋਕਾਂ ਨਾਲ ਇਕਜੁੱਟਤਾ ਪ੍ਰਗਟਾਈ। ਮੁੱਖ ਮੰਤਰੀ ਨੇ ਟਵੀਟ ਕਰਕੇ ਮੀਟਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਕਾਮਨਾ ਕੀਤੀ ਕਿ ਦੇਸ਼ ’ਚ ਛੇਤੀ ਸ਼ਾਂਤੀ ਬਹਾਲ ਹੋਵੇ ਅਤੇ ਲੋਕਾਂ ਦਾ ਮਾਨਸਿਕ ਤਣਾਅ ਘੱਟ ਹੋਵੇ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਕਿਹਾ ਕਿ ਗੁਆਂਢੀ ਮੁਲਕ ’ਚ ਫ਼ੌਜੀ ਜੁੰਟਾ ਵੱਲੋਂ ਸੱਤਾ ਆਪਣੇ ਹੱਥਾਂ ’ਚ ਲਏ ਜਾਣ ਮਗਰੋਂ ਜੋ ਭਾਈਚਾਰੇ ’ਤੇ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਤਸ਼ੱਦਦ ਕਾਰਨ 500 ਤੋਂ ਜ਼ਿਆਦਾ ਲੋਕ ਆਪਣਾ ਮੁਲਕ ਛੱਡ ਕੇ ਮਿਜ਼ੋਰਮ ’ਚ ਦਾਖ਼ਲ ਹੋ ਗਏ ਹਨ। ਉਧਰ ਕੇਂਦਰ ਨੇ ਮਿਆਂਮਾਰ ਦੀ ਸਰਹੱਦ ਨਾਲ ਲਗਦੇ ਚਾਰ ਸੂਬਿਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਆਉਣ ਤੋਂ ਰੋਕਣ। ਇਸ ਸਬੰਧ ’ਚ ਜ਼ੋਰਮਥਾਂਗਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਮਿਆਂਮਾਰ ਦੇ ਲੋਕਾਂ ਨੂੰ ਮੁਲਕ ’ਚ ਪਨਾਹ ਲੈਣ ਤੋਂ ਨਾ ਰੋਕਣ। ਉਨ੍ਹਾਂ ਕਿਹਾ ਹੈ ਕਿ ਭਾਰਤ ਮਾਨਵੀ ਸੰਕਟ ’ਤੇ ਆਪਣੀਆਂ ਅੱਖਾਂ ਬੰਦ ਨਹੀਂ ਕਰ ਸਕਦਾ ਹੈ। -ਪੀਟੀਆਈ