ਐਜ਼ੌਲ, 26 ਅਗਸਤ
ਮਿਜ਼ੋਰਮ ਸਰਕਾਰ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖਦਿਆਂ ਦੋਸ਼ ਲਾਇਆ ਹੈ ਕਿ ਅਸਾਮ ਰਾਈਫ਼ਲਜ਼ ਸਿਵਲ ਪ੍ਰਸ਼ਾਸਨ ਦਾ ‘ਨਿਰਾਦਰ ਕਰ ਰਿਹਾ ਹੈ’ ਤੇ ‘ਇਹ ਭੁੱਲ ਗਿਆ ਹੈ’ ਕਿ ਉੱਤਰ-ਪੂਰਬੀ ਸੂਬੇ ਵਿਚ ਹੁਣ ‘ਅਫ਼ਸਪਾ’ ਲਾਗੂ ਨਹੀਂ ਹੈ। ਮੁੱਖ ਸਕੱਤਰ ਨੇ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੂੰ ਆਜ਼ਾਦੀ ਦਿਵਸ ਸਮਾਗਮਾਂ ਦੇ ‘ਬਾਈਕਾਟ’ ਨਾਲ ਜੁੜੇ ਦੋ ਪੱਤਰ ਲਿਖੇ ਹਨ ਤੇ ਦੋਸ਼ ਲਾਇਆ ਹੈ ਕਿ ਅਸਾਮ ਰਾਈਫ਼ਲਜ਼ ਨੇ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਕੀਤੀ ਹੈ। ਮਿਜ਼ੋਰਮ ਸਰਕਾਰ ਨੇ ਕਿਹਾ ਕਿ ਅਸਾਮ ਰਾਈਫ਼ਲਜ਼ ਦੇ ਸੀਨੀਅਰ ਅਫ਼ਸਰਾਂ ਨੇ ਸੂਬਾ ਪੱਧਰੀ ਆਜ਼ਾਦੀ ਦਿਵਸ ਸਮਾਰੋਹ ਵਿਚ ਸ਼ਿਰਕਤ ਨਹੀਂ ਕੀਤੀ।
ਦੱਸਣਯੋਗ ਹੈ ਕਿ 11 ਅਗਸਤ ਨੂੰ ਪ੍ਰਸ਼ਾਸਨ ਨੇ ‘ਵਾਰੰਟ ਆਫ਼ ਪ੍ਰੋਸੀਜ਼ਰ’ ਜਾਰੀ ਕਰ ਕੇ ਰਾਈਫ਼ਲਜ਼ ਦੇ ਬ੍ਰਿਗੇਡੀਅਰ ਨੂੰ ਸੂਬਾ ਸਕੱਤਰ, ਸੈਸ਼ਨ ਜੱਜ ਤੇ ਡੀਸੀ ਦੇ ਅਹੁਦੇ ਦੇ ਬਰਾਬਰ ਕਰ ਦਿੱਤਾ ਸੀ। ਨੀਮ ਫ਼ੌਜੀ ਬਲ ਨੇ ਕਿਹਾ ਸੀ ਕਿ ਹੁਕਮ ਜਾਰੀ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ ਗਿਆ। ਸੂਬਾ ਸਰਕਾਰ ਨੇ ਕਿਹਾ ਕਿ ਅਸਾਮ ਰਾਈਫ਼ਲਜ਼ ਤੇ ਪ੍ਰਸ਼ਾਸਨ ਵਿਚਾਲੇ ਕੋਈ ਵੀ ਮੁੱਦਾ ਐਨਾ ਗੰਭੀਰ ਨਹੀਂ ਹੈ ਕਿ ਉਸ ਨੂੰ ਖੁੱਲ੍ਹੇ ਮਨ ਨਾਲ ਨਾ ਵਿਚਾਰਿਆ ਜਾ ਸਕੇ। ਪੱਤਰ ਵਿਚ ਲਿਖਿਆ ਗਿਆ ਹੈ ਕਿ ਹਥਿਆਰਬੰਦ ਬਲ (ਵਿਸ਼ੇਸ਼ ਤਾਕਤਾਂ) ਐਕਟ, 1958 ਹੁਣ ਸੂਬੇ ਵਿਚ ਲਾਗੂ ਨਹੀਂ ਹੈ ਤੇ ਸ਼ਾਂਤੀ ਹੈ, ਪਰ ਰਾਈਫ਼ਲਜ਼ ਜਿਸ ਤਰ੍ਹਾਂ ਸਿਵਲ ਪ੍ਰਸ਼ਾਸਨ ਨਾਲ ਪੇਸ਼ ਆ ਰਹੀ ਹੈ, ਉਹ ਚੰਗੇ ਰਿਸ਼ਤਿਆਂ ਦੇ ਰਾਹ ਵਿਚ ਅੜਿੱਕਾ ਬਣ ਰਿਹਾ ਹੈ।
ਪੱਤਰ ਵਿਚ ਸ਼ਿਕਾਇਤ ਕੀਤੀ ਗਈ ਹੈ ਕਿ ਨੀਮ ਫ਼ੌਜੀ ਬਲ ਨੇ ਸੂਬਾ ਪੱਧਰੀ ਸਮਾਗਮ ਦੀ ਤਿਆਰੀ ਵਿਚ ਅੜਿੱਕਾ ਪਾਉਣ ਦੀ ਵੀ ਕੋਸ਼ਿਸ਼ ਕੀਤੀ ਤੇ ਆਪਣੇ ਭਾਰੇ ਵਾਹਨ ਵੀਆਈਪੀ ਪਾਰਕਿੰਗ ਵਿਚ ਖੜ੍ਹੇ ਕਰ ਦਿੱਤੇ। ਰਾਈਫ਼ਲਜ਼ ’ਤੇ ਕੋਵਿਡ ਦੇ ਨੇਮਾਂ ਦੀ ਉਲੰਘਣਾ ਦਾ ਦੋਸ਼ ਵੀ ਲਾਇਆ ਗਿਆ ਹੈ। -ਪੀਟੀਆਈ