ਚੇਨੱਈ, 7 ਮਈ
ਵਿਧਾਨ ਸਭਾ ਚੋਣਾਂ ’ਚ ਡੀਐੱਮਕੇ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਪਾਰਟੀ ਪ੍ਰਧਾਨ ਮੁਥੂਵੇਲ ਕਰੁਨਾਨਿਧੀ ਸਟਾਲਿਨ ਨੇ ਅੱਜ ਤਾਮਿਲ ਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 68 ਸਾਲਾ ਸਟਾਲਿਨ ਨੂੰ ਰਾਜ ਭਵਨ ’ਚ ਕਰਵਾਏ ਸਾਦੇ ਸਮਾਗਮ ’ਚ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਸਟਾਲਿਨ ਪਹਿਲੀ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟਾਲਿਨ ਨੂੰ ਅਹੁਦਾ ਸੰਭਾਲਣ ’ਤੇ ਵਧਾਈ ਦਿੱਤੀ ਹੈ।
ਸਟਾਲਿਨ ਤੋਂ ਬਾਅਦ ਕੁੱਲ੍ਹ 33 ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਵਾਈ ਜਿਨ੍ਹਾਂ ’ਚੋਂ 15 ਪਹਿਲੀ ਵਾਰ ਮੰਤਰੀ ਦਾ ਅਹੁਦਾ ਸੰਭਾਲਣਗੇ। ਸਟਾਲਿਨ ਸਮੇਤ ਸਾਰੇ 34 ਮੰਤਰੀਆਂ ਨੇ ਡੀਐੱਮਕੇ ਦੀ ਦਹਾਕਿਆਂ ਪੁਰਾਣੀ ਰਵਾਇਤ ਅਨੁਸਾਰ ਤਾਮਿਲ ’ਚ ਸਹੁੰ ਚੁੱਕੀ। ਸਹੁੰ ਚੁੱਕਣ ਤੋਂ ਪਹਿਲਾਂ ਸਟਾਲਿਨ ਨੇ ਪੁਰੋਹਿਤ ਨੂੰ ਆਪਣੇ ਮੰਤਰੀ ਮੰਡਲ ਨਾਲ ਜਾਣ-ਪਛਾਣ ਕਰਵਾਈ।
ਡੀਐੱਮਕੇ ਦੇ ਸੀਨੀਅਰ ਆਗੂ ਤੇ ਜਨਰਲ ਸਕੱਤਰ ਦੁਰੱਈਮੁਰੂਗਨ ਨੂੰ ਸਟਾਲਿਨ ਤੋਂ ਬਾਅਦ ਅਹੁਦੇ ਦੀ ਸਹੁੰ ਚੁਕਵਾਈ ਗਈ ਅਤੇ ਉਨ੍ਹਾਂ ਨੂੰ ਸਿੰਜਾਈ ਪ੍ਰਾਜੈਕਟਾਂ ’ਚ ਜਲ ਸਰੋਤ ਮੰਤਰੀ ਦਾ ਕਾਰਜਭਾਰ ਸੌਂਪਿਆ ਗਿਆ ਅਤੇ ਉਨ੍ਹਾਂ ਕੋਲ ਖਾਣ ਤੇ ਖਣਿਜ ਵਿਭਾਗ ਰਹੇਗਾ। ਸਾਬਕਾ ਨਿਵੇਸ਼ ਬੈਂਕਰ ਪਲਾਨੀਵੇਲ ਤਿਆਗਰਾਜਨ ਵਿੱਤ ਤੇ ਮਨੁੱਖੀ ਸਰੋਤ ਮੰਤਰੀ ਹੋਣਗੇ। ਸਟਾਲਿਨ ਦੀ ਪਤਨੀ ਦੁਰਗਾ ਤੇ ਤ੍ਰਿਪਲੀਕੇਨ ਚੇਪਾਕ ਸੀਟ ਤੋਂ ਚੋਣ ਜਿੱਤਣ ਵਾਲੇ ਉਨ੍ਹਾਂ ਦੇ ਪੁੱਤਰ ਉਦੈਨਿਧੀ ਸਮੇਤ ਪਰਿਵਾਰ ਦੇ ਹੋਰਨਾਂ ਮੈਂਬਰਾਂ ਨੇ ਵੀ ਪ੍ਰੋਗਰਾਮ ’ਚ ਹਿੱਸਾ ਲਿਆ। ਤਕਰੀਬਨ 1.10 ਘੰਟਾ ਚੱਲੇ ਸਹੁੰ ਚੁੱਕ ਸਮਾਗਮ ’ਚ ਕੋਵਿਡ-19 ਦੇ ਨਿਯਮਾਂ ਦਾ ਪਾਲਣ ਕੀਤਾ ਗਿਆ ਤੇ ਸਾਰਿਆਂ ਨੇ ਮਾਸਕ ਲਾਇਆ ਹੋਇਆ ਸੀ। ਬਾਅਦ ’ਚ ਸਟਾਲਿਨ ਨੇ ਡੀਐੱਮਕੇ ਦੇ ਬਾਨੀ ਤੇ ਆਪਣੇ ਪਿਤਾ ਮਰਹੂਮ ਐੱਮ ਕਰੁਨਾਨਿਧੀ ਨੂੰ ਉਨ੍ਹਾਂ ਦੀ ਰਿਹਾਇਸ਼ ’ਤੇ ਸ਼ਰਧਾਂਜਲੀ ਦਿੱਤੀ ਤੇ ਆਪਣੀ ਮਾਂ ਦਿਆਲੂ ਅੰਮਾਲ ਦਾ ਵੀ ਆਸ਼ੀਰਵਾਦ ਲਿਆ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡੀਐੱਮਕੇ ਆਗੂ ਐੱਮਕੇ ਸਟਾਲਿਨ ਨੂੰ ਮੁੱਖ ਮੰਤਰੀ ਵਜੋਂ ਹਲਫ਼ ਲੈਣ ’ਤੇ ਵਧਾਈ ਦਿੱਤੀ। ਉਨ੍ਹਾਂ ਟਵੀਟ ਕੀਤਾ, ‘ਐੱਮਕੇ ਸਟਾਲਿਨ ਨੂੰ ਤਾਮਿਲ ਨਾਡੂ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ’ਤੇ ਵਧਾਈ।’ -ਪੀਟੀਆਈ
ਅਹੁਦਾ ਸੰਭਾਲਣ ਮਗਰੋਂ ਸਟਾਲਿਨ ਵੱਲੋਂ ਲੋਕਾਂ ਲਈ ਰਾਹਤਾਂ ਦਾ ਐਲਾਨ
ਚੇਨੱਈ: ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਲੋਕਾਂ ਨੂੰ ਦੋ ਹਜ਼ਾਰ ਰੁਪਏ ਦੀ ਕੋਵਿਡ-19 ਮਹਾਮਾਰੀ ਰਾਹਤ ਰਾਸ਼ੀ, ਆਵਿਨ ਕੰਪਨੀ ਦੇ ਦੁੱਧ ਦੇ ਭਾਅ ਵਿੱਚ ਕਟੌਤੀ ਅਤੇ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਲਈ ਮੁਫ਼ਤ ਸਫ਼ਰ ਦੀ ਸੁਵਿਧਾ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਉਨ੍ਹਾਂ ਦੀ ਪਾਰਟੀ ਡੀਐੱਮਕੇ ਨੇ ਛੇ ਅਪਰੈਲ ਨੂੰ ਵਿਧਾਨ ਸਭਾ ਚੋਣਾਂ ਵਿੱਚ ਇਹ ਸਾਰੇ ਵਾਅਦੇ ਲੋਕਾਂ ਨਾਲ ਕੀਤੇ ਸਨ। ਇੱਕ ਅਧਿਕਾਰਿਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਦੇ ਅਹੁਦਾ ਸੰਭਾਲਣ ਮਗਰੋਂ ਪਹਿਲਾ ਆਦੇਸ਼ ਜਾਰੀ ਕਰਦਿਆਂ ਸਟਾਲਿਨ ਨੇ ਨਿੱਜੀ ਹਸਪਤਾਲਾਂ ਵਿੱਚ ਕਰੋਨਾ ਦੇ ਇਲਾਜ ਨੂੰ ਸਰਕਾਰੀ ਬੀਮਾ ਯੋਜਨਾ ਦੇ ਘੇਰੇ ਵਿੱਚ ਲਿਆਉਣ ਦੀ ਘੋਸ਼ਣਾ ਕੀਤੀ ਹੈ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਨੂੰ ਲਾਗੂ ਕਰਨ ਲਈ ਮੁੱਖ ਮੰਤਰੀ ਨੇ ਮਈ ਵਿੱਚ ਦੋ ਹਜ਼ਾਰ ਰੁਪਏ ਦੀ ਪਹਿਲੀ ਕਿਸ਼ਤ ਵਜੋਂ 4,153,69 ਕਰੋੜ ਰੁਪਏ ਮੁਹੱਈਆ ਕਰਾਉਣ ’ਤੇ ਦਸਤਖ਼ਤ ਕੀਤੇ, ਜਿਸ ਨਾਲ 2,07,67,00 ਰਾਸ਼ਨ ਕਾਰਡ ਧਾਰਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਇੱਕ ਹੋਰ ਆਦੇਸ਼ ’ਤੇ ਦਸਤਖ਼ਤ ਕਰਦਿਆਂ ਸੂਬੇ ਵਿੱਚ ਵਿਕ ਰਹੇ ਆਵਿਨ ਦੇ ਦੁੱਧ ਦੇ ਭਾਅ ਵਿੱਚ ਪ੍ਰਤੀ ਕਿੱਲੋ ਤਿੰਨ ਰੁਪਏ ਦੀ ਕਟੌਤੀ ਕੀਤੀ। ਇਹ ਹੁਕਮ 16 ਮਈ ਤੋਂ ਲਾਗੂ ਹੋਇਆ ਮੰਨਿਆ ਜਾਵੇਗਾ। ਉਨ੍ਹਾਂ ਹੋਰ ਚੋਣ ਵਾਅਦਾ ਪੂਰਾ ਕਰਦਿਆਂ ਔਰਤਾਂ ਨੂੰ ਰਾਜ ਦੀਆਂ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦਾ ਹੁਕਮ ਦਿੱਤਾ। ਸਰਕਾਰ ਨੇ ਇਸ ਲਈ ਸਬਸਿਡੀ ਵਜੋਂ 1,200 ਕਰੋੜ ਰੁਪਏ ਰਾਖਵੇਂ ਰੱਖੇ ਹਨ। ਉਨ੍ਹਾਂ ਆਪਣੇ ਹਲਕੇ ਵਿੱਚ ਮੁੱਖ ਮੰਤਰੀ ਯੋਜਨਾ ਨੂੰ ਲਾਗੂ ਕਰਨ ਲਈ ਆਈਏਐੱਸ ਅਧਿਕਾਰੀ ਦੀ ਅਗਵਾਈ ਹੇਠ ਵਿਭਾਗ ਦਾ ਗਠਨ ਕਰਨ ਨੂੰ ਵੀ ਮਨਜ਼ੂਰੀ ਦਿੱਤੀ ਹੈ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦਾ 100 ਦਿਨਾਂ ਵਿੱਚ ਨਿਪਟਾਰਾ ਹੋ ਸਕੇ। ਉਨ੍ਹਾਂ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ 100 ਦਿਨਾਂ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ। -ਪੀਟੀਆਈ