ਨਵੀਂ ਦਿੱਲੀ, 17 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਦੇ ਸੰਸਦ ਮੈਂਬਰਾਂ ਤੋਂ ਲੈ ਕੇ ਆਮ ਆਦਮੀ ਤੱਕ ਹਰ ਵਿਅਕਤੀ ਨੂੰ ਆਪਣੇ ਫਰਜ਼ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਇਹ ਭਾਰਤ ਦੇ ਵਿਕਾਸ ਨੂੰ ਆਜ਼ਾਦੀ ਤੋਂ ਹੁਣ ਤੱਕ ਦੀ ਰਫ਼ਤਾਰ ਦੇ ਮੁਕਾਬਲੇ ਕਈ ਗੁਣਾਂ ਤੇਜ਼ੀ ਨਾਲ ਕਰਨ ਦਾ ਮੰਤਰ ਹੈ।
‘82ਵੇਂ ਆਲ ਇੰਡੀਆ ਪ੍ਰੀਜ਼ਾਈਡਿੰਗ ਆਫੀਸਰ’ਜ਼’ ਦੀ ਇੱਕ ਕਾਨਫਰੰਸ ਮੌਕੇ ਵਰਚੁਅਲ ਮਾਧਿਅਮ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸੂਬਿਆਂ ਸਮੇਤ ਸਾਰਿਆਂ ਨੂੰ ਸਾਂਝੇ ਯਤਨ ਵਿੱਢਣ ’ਤੇ ਜ਼ੋਰ ਦਿੱਤਾ ਤਾਂ ਕਿ ਮੁਲਕ ਨੂੰ ਤਰੱਕੀ ਦੇ ਨਵੇਂ ਪੱਧਰ ’ਤੇ ਲਿਜਾਇਆ ਜਾ ਸਕੇ। ਉਨ੍ਹਾਂ ਇਸ ਸੰਦਰਭ ’ਚ ਕੋਵਿਡ- 19 ਖ਼ਿਲਾਫ਼ ਜੰਗ ਨੂੰ ‘ਸਬਕਾ ਪ੍ਰਯਾਸ’ (ਹਰ ਵਿਅਕਤੀ ਦੀ ਯਤਨ) ਦੀ ਇਤਿਹਾਸਕ ਮਿਸਾਲ ਦੱਸਿਆ। ਸੰਸਦ ਵਿੱਚ ਵੱਖੋ-ਵੱਖਰੇ ਮੁੱਦਿਆਂ ’ਤੇ ਅਕਸਰ ਰੌਲਾ-ਰੱਪਾ ਪੈਣ ਦੀਆਂ ਘਟਨਾਵਾਂ ਦੇ ਸਬੰਧ ’ਚ ਸ੍ਰੀ ਮੋਦੀ ਨੇ ਕਿਹਾ ਕਿ ਵਿਧਾਇਕਾਂ ਦਾ ਆਚਰਣ ਭਾਰਤੀ ਕਦਰਾਂ-ਕੀਮਤਾਂ ਮੁਤਾਬਕ ਹੋਣਾ ਚਾਹੀਦਾ ਹੈ। ਉਨ੍ਹਾਂ ਵਿਧਾਨਪਾਲਿਕਾਵਾਂ ਵਿੱਚ ਚੰਗੀ ਤੇ ਸਾਰਥਕ ਬਹਿਸਾਂ ਲਈ ਵੱਖਰੇ ਤੌਰ ’ਤੇ ਸਮਾਂ ਰੱਖਣ ਦਾ ਵਿਚਾਰ ਵੀ ਦਿੱਤਾ। ਮੁਲਕ ਲਈ ਅਗਲੇ 25 ਵਰ੍ਹੇ ਇਸਦੀ ਆਜ਼ਾਦੀ ਦੇ 100 ਵਰ੍ਹੇ ਮੁਕੰਮਲ ਹੋਣ ਦੇ ਸੰਦਰਭ ’ਚ ਆਖਦਿਆਂ ਉਨ੍ਹਾਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੰਸਦ ਤੇ ਸੂਬਿਆਂ ਦੀਆਂ ਵਿਧਾਨਪਾਲਿਕਾਵਾਂ ਤੇ ਉਨ੍ਹਾਂ ਦੇ ਮੈਂਬਰ ਆਪਣੇ ਕਰਤੱਵਾਂ, ਆਚਰਣ ਤੇ ਕੰਮ ਨੂੰ ਤਵੱਜੋ ਦੇਣ ਜਿਸ ਨਾਲ ਮੁਲਕ ਪੱਧਰ ’ਤੇ ਨਾਗਰਿਕਾਂ ’ਤੇ ਚੰਗਾ ਪ੍ਰਭਾਵ ਪਏਗਾ। ਉਨ੍ਹਾਂ ‘ਇੱਕ ਮੁਲਕ ਇੱਕ ਵਿਧਾਨ ਮੰਚ’ ਨਾਮੀਂ ਇੱਕ ਪੋਰਟਲ ਦਾ ਵਿਚਾਰ ਵੀ ਦਿੱਤਾ। ਜ਼ਿਕਰਯੋਗ ਹੈ ਕਿ ‘ਆਲ ਇੰਡੀਆ ਪ੍ਰੀਜਾਈਡਿੰਗ ਆਫੀਸਰ’ਜ਼’ ਕਾਨਫਰੰਸ ਭਾਰਤ ਵਿੱਚ ਵਿਧਾਨਪਾਲਿਕਾਵਾਂ ਦੀ ਸਰਵਉੱਚ ਸੰਸਥਾ ਹੈ ਜੋ ਸਾਲ 2021 ਵਿੱਚ ਆਪਣੀ 100ਵੀਂ ਵਰ੍ਹੇਗੰਢ ਮਨਾ ਰਹੀ ਹੈ। -ਪੀਟੀਆਈ
ਮੋਦੀ ਭਲਕੇ ਸੌਂਪਣਗੇ ਮੁਲਕ ’ਚ ਤਿਆਰ ਰੱਖਿਆ ਸਬੰਧੀ ਸਾਜ਼ੋ-ਸਾਮਾਨ
ਨਵੀਂ ਦਿੱਲੀ: ਰੱਖਿਆ ਖੇਤਰ ਵਿੱਚ ‘ਆਤਮ-ਨਿਰਭਰ ਭਾਰਤ’ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ 19 ਨਵੰਬਰ ਨੂੰ ਝਾਂਸੀ ਵਿੱਚ ਰੱਖਿਆ ਸੈਨਾਵਾਂ ਦੇ ਤਿੰਨਾਂ ਮੁਖੀਆਂ ਨੂੰ ਮੁਲਕ ਵਿੱਚ ਹੀ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਰੱਖਿਆ ਸਬੰਧੀ ਸਾਜ਼ੋ-ਸਾਮਾਨ ਸੌਂਪਣਗੇ। ਇਸ ਮੌਕੇ ਕਰਵਾਏ ਜਾਣ ਵਾਲੇ ਸਮਾਗਮ ਵਿੱਚ ਪ੍ਰਧਾਨ ਮੰਤਰੀ ਮੋਦੀ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਵੱਲੋਂ ਡਿਜ਼ਾਈਨ ਤੇ ਤਿਆਰ ਕੀਤਾ ਗਿਆ ਲਾਈਟ ਕੌਮਬੈਟ ਏਅਰਕਰਾਫਟ ਹਵਾਈ ਸੈਨਾ ਦੇ ਮੁਖੀ, ਭਾਰਤੀ ਦੇ ਨਵੇਂ ਉੱਦਮੀਆਂ ਵੱਲੋਂ ਬਣਾਈਆਂ ਡਰੋਨਾਂ ਅਤੇ ਯੂਏਵੀਜ਼ ਥਲ ਸੈਨਾ ਦੇ ਮੁਖੀ ਅਤੇ ਡੀਆਰਡੀਓ ਵੱਲੋਂ ਡਿਜ਼ਾਈਨ ਤੇ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਵੱਲੋਂ ਸਮੁੰਦਰੀ ਜਹਾਜ਼ਾਂ ਲਈ ਬਣਾਏ ਗਏ ਐਡਵਾਂਸਡ ਇਲੈਕਟ੍ਰਾਨਿਕ ਵਾਰਫੇਅਰ ਸੂਟ ਜਲ ਸੈਨਾ ਦੇ ਮੁਖੀ ਨੂੰ ਸੌਂਪਣਗੇ। ਉਹ ‘ਉੱਤਰ ਪ੍ਰਦੇਸ਼ ਡਿਫੈਂਸ ਇੰਡਸਟਰੀਅਲ ਕੌਰੀਡੋਰ’ ਦੇ 400 ਕਰੋੜ ਰੁਪਏ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। -ਪੀਟੀਆਈ
ਵਿਧਾਨ ਸੰਸਥਾਵਾਂ ਦਾ ਮਾਣ ਵਧਾਉਣ ਲਈ ਫ਼ੈਸਲਾਕੁੰਨ ਕਦਮ ਚੁੱਕੇ ਜਾਣਗੇ: ਬਿਰਲਾ
ਸ਼ਿਮਲਾ: ਵਿਧਾਨ ਸੰਸਥਾਵਾਂ ਦੇ ਸੈਸ਼ਨਾਂ ਦੀ ਗਿਣਤੀ ਘਟਣ ਅਤੇ ਕਾਨੂੰਨ ਬਣਾਉਣ ਸਮੇਂ ਵਿਚਾਰ-ਚਰਚਾ ਦੀ ਘਾਟ ਦੇ ਰੁਝਾਨ ’ਤੇ ਚਿੰਤਾ ਜ਼ਾਹਰ ਕਰਦਿਆਂ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਇਨ੍ਹਾਂ ਸੰਸਥਾਵਾਂ ਦਾ ਮਾਣ ਤੇ ਪ੍ਰਤਿਭਾ ਵਧਾਉਣ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਨਾਲ ਸਲਾਹ-ਮਸ਼ਵਰਾ ਕਰਨ ਮਗਰੋਂ ਕੁਝ ਫ਼ੈਸਲਾਕੁੰਨ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਪ੍ਰੀਜਾਈਡਿੰਗ ਅਧਿਕਾਰੀਆਂ ਨੂੰ ਵਿਧਾਨਕ ਸੰਸਥਾਵਾਂ ਦੀਆਂ ਕਾਰਜ ਪ੍ਰਣਾਲੀਆਂ ਤੇ ਨਿਯਮਾਂ ਦੀ ਮੁੜ ਪੜਚੋਲ ਕਰਨ ਲਈ ਵੀ ਆਖਿਆ ਤਾਂ ਕਿ ਲੋਕਾਂ ਦੇ ਹੱਕਾਂ ਦੀ ਰਾਖੀ ਹੋ ਸਕੇ। ਸ੍ਰੀ ਬਿਰਲਾ ਇੱਥੇ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਵਿੱਚ ‘ਆਲ ਇੰਡੀਆ ਪ੍ਰੀਜ਼ਾਈਡਿੰਗ ਆਫੀਸਰਜ’ਜ਼ ਕਾਨਫਰੰਸ’ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਾਰੀਆਂ ਵਿਧਾਨ ਸੰਸਥਾਵਾਂ ਵਿੱਚ ਕਾਨੂੰਨਾਂ ਤੇ ਕਾਰਜਪ੍ਰਣਾਲੀਆਂ ਵਿੱਚ ਸਮਾਨਤਾ ਲਿਆਉਣ ਲਈ ਇੱਕ ‘ਮਾਡਲ ਦਸਤਾਵੇਜ਼’ ਤਿਆਰ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ