ਨਵੀਂ ਦਿੱਲੀ, 20 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਊਨ੍ਹਾਂ ਦੇ ਭੂਟਾਨੀ ਹਮਰੁਤਬਾ ਲੋਤੇ ਸ਼ੇਰਿੰਗ ਨੇ ਅੱਜ ਰੁਪੈ ਕਾਰਡ ਦੇ ਦੂਜੇ ਪੜਾਅ ਦਾ ਊਦਘਾਟਨ ਕੀਤਾ। ਹੁਣ ਭਾਰਤ ’ਚ ਰੁਪੈ ਨੈੱਟਵਰਕ ਤੱਕ ਭੂਟਾਨੀ ਕਾਰਡਧਾਰਕਾਂ ਦੀ ਪਹੁੰਚ ਹੋ ਜਾਵੇਗੀ। ਸ੍ਰੀ ਮੋਦੀ ਦੇ ਪਿਛਲੇ ਸਾਲ ਅਗਸਤ ’ਚ ਭੂਟਾਨ ਦੌਰੇ ਵੇਲੇ ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਸਾਂਝੇ ਤੌਰ ’ਤੇ ਪ੍ਰਾਜੈਕਟ ਦੇ ਪਹਿਲੇ ਪੜਾਅ ਦਾ ਊਦਘਾਟਨ ਕੀਤਾ ਸੀ।
ਸ੍ਰੀ ਮੋਦੀ ਨੇ ਵੀਡੀਓ ਕਾਨਫਰੰਸ ਰਾਹੀਂ ਦਿੱਤੇ ਭਾਸ਼ਨ ’ਚ ਦੋਵੇਂ ਮੁਲਕਾਂ ਵਿਚਕਾਰ ਕਈ ਖੇਤਰਾਂ ’ਚ ਗੂੜ੍ਹੇ ਸਹਿਯੋਗ ਦਾ ਜ਼ਿਕਰ ਕੀਤਾ। ਊਨ੍ਹਾਂ ਭੂਟਾਨ ਦੇ ਸੈਟੇਲਾਈਟ ਨੂੰ ਪੁਲਾੜ ’ਚ ਭੇਜਣ ਲਈ ਇਸਰੋ ਦੀ ਤਿਆਰੀ, ਤੀਜੇ ਕੌਮਾਂਤਰੀ ਇੰਟਰਨੈੱਟ ਗੇਟਵੇਅ ਨਾਲ ਸਬੰਧਤ ਬੀਐੱਸਐੱਨਐੱਲ ਅਤੇ ਭੂਟਾਨ ਵਿਚਕਾਰ ਸਮਝੌਤਿਆਂ ਆਦਿ ਦਾ ਹਵਾਲਾ ਵੀ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਕੋਵਿਡ-19 ਮਹਾਮਾਰੀ ਦੀ ਮੁਸ਼ਕਲ ਘੜੀ ’ਚ ਭੂਟਾਨ ਨਾਲ ਡਟ ਕੇ ਖੜ੍ਹਾ ਹੈ। ਊਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਦੀਆਂ ਲੋੜਾਂ ਨੂੰ ਪੂਰਾ ਕਰਨਾ ਹਮੇਸ਼ਾ ਊਸ ਦੀ ਪ੍ਰਾਥਮਿਕਤਾ ਰਹੇਗੀ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ’ਚ ਦੱਸਿਆ ਕਿ ਭੂਟਾਨ ’ਚ ਰੁਪੈ ਕਾਰਡ ਦਾ ਪਹਿਲਾ ਪੜਾਅ ਲਾਗੂ ਹੋਣ ਮਗਰੋਂ ਭਾਰਤੀਆਂ ਨੂੰ ਭੂਟਾਨ ’ਚ ਏਟੀਐੱਮ ਅਤੇ ਪੁਆਇੰਟ ਆਫ਼ ਸੇਲ (ਪੀਓਐੱਸ) ਟਰਮਿਨਲਾਂ ਦੀ ਵਰਤੋਂ ਕਰਨਾ ਸੰਭਵ ਹੋ ਗਿਆ ਸੀ। ਹੁਣ ਦੂਜੇ ਪੜਾਅ ਤੋਂ ਬਾਅਦ ਭੂਟਾਨ ਦੇ ਕਾਰਡਧਾਰਕ ਭਾਰਤ ’ਚ ਰੁਪੈ ਨੈੱਟਵਰਕ ਦੀ ਵਰਤੋਂ ਕਰ ਸਕਣਗੇ। -ਪੀਟੀਆਈ