ਟ੍ਰਿਬਿਊਨ ਨਿਉਜ਼ ਸਰਵਿਸ
ਨਵੀਂ ਦਿੱਲੀ, 11 ਅਗਸਤ
ਪੈਗਾਸਸ ਜਾਸੂਸੀ ਕਾਂਡ ਤੇ ਖੇਤੀ ਕਾਨੂੰਨਾਂ ਕਾਰਨ ਲੋਕ ਸਭਾ ਦੇ ਮੌਨਸੂਨ ਸੈਸ਼ਨ ਵਿੱਚ ਭਾਜਪਾ ਦੀਆਂ ਵਿਰੋਧੀ ਧਿਰਾਂ ਨੇ ਖੂਬ ਹੰਗਾਮਾ ਕੀਤਾ। ਹੁਣ ਜਦੋਂ ਲੋਕ ਸਭਾ ਅਣਮਿੱਥੇ ਸਮੇਂ ਲਈ ਉਠਾਈ ਗਈ ਹੈ ਤਾਂ ਇਸ ਤੋਂ ਪਹਿਲਾਂ ਸਪੀਕਰ ਓਮ ਬਿਰਲਾ ਨੇ ਆਪਣੇ ਚੈਂਬਰ ਵਿੱਚ ਸਿਆਸੀ ਦਲਾਂ ਦੀ ਮੀਟਿੰਗ ਬੁਲਾਈ ਸੀ। ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਸ਼ਮੂਲੀਅਤ ਕੀਤੀ। ਇਨ੍ਹਾਂ ਦੋਹਾਂ ਆਗੂਆਂ ਨੇ ਲੋਕ ਸਭਾ ਦੇ ਕੁੜੱਤਣ ਭਰੇ ਮਾਹੌਲ ਨੂੰ ਭੁਲਾ ਕੇ ਇਕ-ਦੂਜੇ ਦਾ ਮੁਸਕਰਾ ਕੇ ਸਵਾਗਤ ਕੀਤਾ। ਮੀਟਿੰਗ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਵਿਰੋਧੀ ਧਿਰਾਂ ਦੇ ਕਈ ਆਗੂ ਹਾਜ਼ਰ ਸਨ।