ਨੀਮੂ (ਲੱਦਾਖ), 3 ਜੁਲਾਈ
ਪੂਰਬੀ ਲੱਦਾਖ ਵਿਚ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਹਿੰਸਕ ਝੜਪ ਤੋਂ ਕੁਝ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨਾਲ ਲੇਹ ਪਹੁੰਚੇ। ਉਨ੍ਹਾਂ ਅੱਜ ਲੱਦਾਖ ਵਿੱਚ ਚੀਨ ਨਾਲ ਲੱਗਦੀ ਸਰਹੱਦ ’ਤੇ ਭਾਰਤੀ ਫੌਜ ਦੀਆਂ ਮੂਹਰਲੀਆਂ ਚੌਕੀਆਂ ਦਾ ਜਾਇਜ਼ਾ ਲਿਆ। ਨੀਮੂ ਵਿੱਚ ਉਨ੍ਹਾਂ ਫੌਜੀਆਂ ਨੂੰ ਕਿਹਾ ਕਿ ਉਹ ਗਲਵਾਨ ਵਾਦੀ ਵਿੱਚ ਦੇਸ਼ ਲਈ ਜਾਨਾਂ ਵਾਰਨ ਵਾਲਿਆਂ ਨੂੰ ਇਕ ਵਾਰ ਫੇਰ ਸ਼ਰਧਾਂਜਲੀ ਭੇਟ ਕਰਦੇ ਹਨ। ਉਨ੍ਹਾਂ ਕਿਹਾ ਕਿ ਜਵਾਨਾਂ ਨੇ ਜੋ ਜਾਂਬਾਜ਼ੀ ਦਿਖਾਈ ਹੈ ਉਸ ਨਾਲ ਦੁਨੀਆਂ ਵਿੱਚ ਭਾਰਤ ਦੀ ਤਾਕਤ ਬਾਰੇ ਸਾਫ਼ ਸੰਦੇਸ਼ ਗਿਆ ਹੈ।
ਤੁਹਾਡੇ ਤੇ ਤੁਹਾਡੇ ਮਜ਼ਬੂਤ ਇਰਾਦਿਆਂ ਕਾਰਨ ਅਤਮਨਿਰਭਰ ਭਾਰਤ ਬਣਾਉਣ ਦੇ ਸਾਡੇ ਇਰਾਦੇ ਹੋਰ ਮਜ਼ਬੂਤ ਹੋਏ ਹਨ। ਇਸ ਤੋਂ ਪਹਿਲਾਂ ਸ੍ਰੀ ਮੋਦੀ ਸਵੇਰੇ ਕਰੀਬ 9.30 ਵਜੇ ਲੇਹ ਪਹੁੰਚੇ। ਪ੍ਰਧਾਨ ਮੰਤਰੀ ਨੇ ਚੀਨ ਦਾ ਨਾਮ ਲਏ ਬਗ਼ੈਰ ਕਿਹਾ ਕਿ ਹੁਣ ਵਿਸਥਾਰਵਾਦੀ ਨੀਤੀਆਂ ਦਾ ਯੁੱਗ ਬੀਤ ਗਿਆ ਹੈ ਤੇ ਇਸ ਯੁੱਗ ਵਿਕਾਸ ਦਾ ਹੈ।