ਨਵੀਂ ਦਿੱਲੀ, 22 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਲੋਕਾਂ ਦਾ ਜੀਵਨ ਪੱਧਰ ਸੁਖਾਲਾ ਬਣਾਉਣ ਲਈ ਸਮਾਂਬੱਧ ਟੀਚੇ ਮਿੱਥਣ ਲਈ ਕਿਹਾ। ਉਨ੍ਹਾਂ ਮੰਨਿਆ ਕਿ ਅੱਜ ਮੁਲਕ ਦਾ ਮੁੱਖ ਉਦੇਸ਼ ਸੇਵਾਵਾਂ ਤੇ ਸਹੂਲਤਾਂ 100 ਫ਼ੀਸਦੀ ਤੱਕ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਲੋਕਾਂ ਵਿਚਾਲੇ ਸਿੱਧੇ ਅਤੇ ਭਾਵਨਾਤਮਕ ਸਬੰਧ ’ਤੇ ਵੀ ਜ਼ੋਰ ਦਿੱਤਾ ਤਾਂ ਕਿ ਉੱਪਰ ਤੋਂ ਹੇਠਾਂ ਤੇ ਹੇਠਾਂ ਤੋਂ ਉੱਪਰ ਤੱਕ ਪ੍ਰਸ਼ਾਸਨ ’ਚ ਸੰਚਾਰ ਬਣਿਆ ਰਹਿ ਸਕੇ। ਜ਼ਿਲ੍ਹਾ ਮੈਜਿਸਟਰੇਟਾਂ ਅਤੇ ਕੁਝ ਮੁੱਖ ਮੰਤਰੀਆਂ ਨਾਲ ਵਰਚੁਅਲ ਮਾਧਿਅਮ ਰਾਹੀਂ ਗੱਲ ਕਰਨ ਮੌਕੇ ਸ੍ਰੀ ਮੋਦੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਕਾਸ ਦੇ ਰਾਹ ’ਤੇ ਪਏ ਕੁਝ ਜ਼ਿਲ੍ਹਿਆਂ ਵਿੱਚ ਕੇਂਦਰ, ਸੂਬਿਆਂ ਤੇ ਸਥਾਨਕ ਪ੍ਰਸ਼ਾਸਨਾਂ ਦਾ ਟੀਮ ਵਜੋਂ ਕੰਮ ਚੰਗੇ ਸਿੱਟੇ ਲਿਆ ਰਿਹਾ ਹੈ।
ਉਨ੍ਹਾਂ ਕਿਹਾ,‘ਅੱਜ, ਕੁਝ ਜ਼ਿਲ੍ਹੇ (ਵਿਕਾਸ ਦੇ ਰਾਹ ’ਤੇ ਪਏ ਜ਼ਿਲ੍ਹੇ) ਮੁਲਕ ਦੀ ਤਰੱਕੀ ’ਚ ਅੜਿੱਕਿਆਂ ਨੂੰ ਖ਼ਤਮ ਕਰ ਰਹੇ ਹਨ। ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਕੁਝ ਜ਼ਿਲ੍ਹੇ ਰੁਕਾਵਟ ਦੀ ਥਾਂ ਵਿਕਾਸ ਤੇਜ਼ ਕਰਨ ਦਾ ਸਾਧਨ ਬਣ ਰਹੇ ਹਨ।’ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਜ਼ਿਲ੍ਹਿਆਂ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਨੀਤੀਆਂ ਲਾਗੂ ਕਰਨ ਦੇ ਰਾਹ ’ਚ ਆਉਂਦੇ ਅੜਿੱਕੇ ਦੂਰ ਹੋਣ ਨਾਲ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਹੁੰਦੀ ਹੈ। ਉਨ੍ਹਾਂ ਇਸ ਸੁਧਾਰ ਦੇ ਫ਼ਾਇਦਿਆਂ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਜਦੋਂ ਅੜਿੱਕੇ ਦੂਰ ਹੋ ਜਾਂਦੇ ਹਨ ਤਾਂ ਇੱਕ ਜਮ੍ਹਾਂ ਇੱਕ ਦੋ ਨਹੀਂ ਬਲਕਿ 11 ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਈ ਮੰਤਰਾਲਿਆਂ ਅਤੇ ਵਿਭਾਗਾਂ ਨੇ 142 ਜ਼ਿਲ੍ਹਿਆਂ ਦੀ ਸੂਚੀ ਬਣਾਈ ਹੈ ਜੋ ਵਿਕਾਸ ਪੱਖੋਂ ਬਹੁਤੇ ਪਛੜੇ ਹੋਏ ਤਾਂ ਨਹੀਂ ਸਗੋਂ ਇੱਕ ਜਾਂ ਦੋ ਪੱਖਾਂ ਤੋਂ ਹੀ ਪਿੱਛੇ ਰਹਿ ਗਏ ਹਨ। ਉਨ੍ਹਾਂ ਇਨ੍ਹਾਂ ਜ਼ਿਲ੍ਹਿਆਂ ਲਈ ਵੀ ਵਿਕਾਸ ਦੇ ਰਾਹ ’ਤੇ ਪਏ ਜ਼ਿਲ੍ਹਿਆਂ ਦੀ ਤਰੱਕੀ ਲਈ ਕੀਤੀਆਂ ਕੋਸ਼ਿਸ਼ਾਂ ਵਾਂਗ ਹੀ ਯਤਨ ਕਰਨ ਲਈ ਕਿਹਾ। ਉਨ੍ਹਾਂ ਹਰ ਜ਼ਿਲ੍ਹੇ ਲਈ ਦੋ ਸਾਲਾਂ ਦਾ ਟੀਚਾ ਮਿੱਥਣ ਲਈ ਜ਼ੋਰ ਦਿੱਤਾ। -ਪੀਟੀਆਈ