ਨਵੀਂ ਦਿੱਲੀ, 2 ਨਵੰਬਰ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ‘ਗਾਰੰਟੀ’ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜਵਾਬੀ ਹਮਲਾ ਕਰਦਿਆਂ ਅੱਜ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨੇ 140 ਕਰੋੜ ਭਾਰਤੀ ਨਾਗਰਿਕਾਂ ਨਾਲ ਵਾਰ-ਵਾਰ ਫੋਕੇ ਵਾਅਦੇ ਕਰਕੇ ਦੇ ਸਭ ਤੋਂ ਉੱਚੇ ਤੇ ਸਨਮਾਨਿਤ ਅਹੁਦੇ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ’ਤੇ ਜੋ ਦੋਸ਼ ਲਾਏ ਹਨ, ਉਹ ਸੱਚ ਤੋਂ ਦੂਰ ਹੈ।
ਪ੍ਰਧਾਨ ਮੰਤਰੀ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਚੋਣ ਵਾਅਦਿਆਂ ਬਾਰੇ ਦਿੱਤੇ ਬਿਆਨ ਮਗਰੋਂ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ ਸੀ। ਪ੍ਰਿਯੰਕਾ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ‘ਐਕਸ’ ’ਤੇ ਲਿਖਿਆ, ‘ਮਹਾਤਮਾ ਗਾਂਧੀ ਜੀ ਕਹਿੰਦੇ ਸਨ ਕਿ ਸੱਚ ਹੀ ਈਸ਼ਵਰ ਹੈ। ਮੁੰਡਕੋਪਨਿਸ਼ਦ ’ਚ ਲਿਖਿਆ ਹੈ ਕਿ ‘ਸੱਤਿਆਮੇਵ ਜਯਤੇ’ ਜੋ ਸਾਡਾ ਕੌਮੀ ਆਦਰਸ਼ ਵਾਕ ਹੈ। ਸੱਚ ਦੀ ਸਥਾਪਨਾ ਕਰਨ ਵਾਲੇ ਇਹ ਆਦਰਸ਼ ਵਾਕ ਭਾਰਤ ਦੇ ਆਜ਼ਾਦੀ ਸੰਘਰਸ਼, ਭਾਰਤ ਦੇ ਮੁੜ ਨਿਰਮਾਣ ਤੇ ਜਨਤਕ ਜੀਵਨ ਦਾ ਆਦਰਸ਼ ਬਣੇ।’ ਉਨ੍ਹਾਂ ਕਿਹਾ ਕਿ ਸੱਚ ਜਿਸ ਦੇਸ਼ ਦੀ ਹਜ਼ਾਰਾਂ ਸਾਲ ਦੀ ਸੰਸਕ੍ਰਿਤੀ ਦਾ ਆਧਾਰ ਹੈ, ਉਸ ਦੇਸ਼ ’ਚ ਸਭ ਤੋਂ ਉੱਚੇ ਅਹੁਦੇ ’ਤੇ ਬੈਠੇ ਵਿਅਕਤੀ ਨੂੰ ਝੂਠ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਉਨ੍ਹਾਂ ਕਿਹਾ, ‘ਕਾਂਗਰਸ ਪਾਰਟੀ ਨੇ ਜਿਸ ਰਾਜ ’ਚ ਜਨਤਾ ਨਾਲ ਜੋ ਵਾਅਦੇ ਕੀਤੇ, ਅਗਲੀਆਂ ਚੋਣਾਂ ਆਉਣ ਦੀ ਉਡੀਕ ਕੀਤੇ ਬਿਨਾਂ, ਸਰਕਾਰ ਬਣਦੇ ਹੀ ਉਨ੍ਹਾਂ ਨੂੰ ਪੂਰਾ ਕਰਨ ਦਾ ਕੰਮ ਸ਼ੁਰੂ ਕੀਤਾ ਹੈ।’ -ਪੀਟੀਆਈ