ਨਵੀਂ ਦਿੱਲੀ, 7 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਸਰਕਾਰ ਦੇ ਮੁਖੀ ਵਜੋਂ ਵੀਹ ਸਾਲ ਮੁਕੰਮਲ ਕਰ ਲਏ ਹਨ। ਇਸ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਨਿਭਾਈਆਂ ਗਈਆਂ 13 ਸਾਲ ਦੀਆਂ ਸੇਵਾਵਾਂ ਵੀ ਸ਼ਾਮਲ ਹਨ। ਭਾਜਪਾ ਆਗੂਆਂ ਨੇ ਉਨ੍ਹਾਂ ਦੀ ਅਗਵਾਈ ਅਤੇ ਚੰਗਾ ਸ਼ਾਸਨ ਤੇ ਵਿਕਾਸ ਮੁਹੱਈਆ ਕਰਵਾਉਣ ਲਈ ਉਨ੍ਹਾਂ ਦੀ ਵਡਿਆਈ ਕੀਤੀ। ਤਿੰਨ ਦਹਾਕਿਆਂ ਤੋਂ ਮੋਦੀ ਦੇ ਨੇੜੇ ਰਹੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਚੰਗੇ ਸ਼ਾਸਨ ਤੇ ਵਿਕਾਸ ਦਾ ਸਫ਼ਰ 2001 ਵਿੱਚ ਸ਼ੁਰੂ ਹੋਇਆ ਸੀ ਜਦੋਂ ਉਨ੍ਹਾਂ ਪਹਿਲੀ ਵਾਰ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਇਹ ਸਫ਼ਰ ਬੇਰੋਕ ਜਾਰੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਦਿਨ-ਰਾਤ ਲੋਕਾਂ ਤੇ ਦੇਸ਼ ਦੇ ਵਿਕਾਸ ਲਈ ਕੰਮ ਕਰ ਰਹੇ ਹਨ। ਇਸੇ ਦੌਰਾਨ ਭਾਜਪਾ ਦੇ ਪ੍ਰਧਾਨ ਜੇਪੀ ਨੱਢਾ ਨੇ ਕਿਹਾ ਕਿ ਮੋਦੀ ਨੇ ਨਿਰਾਸ਼ਾ ਦੇ ਮਾਹੌਲ ਵਿੱਚੋਂ ਦੇਸ਼ ਨੂੰ ਬਾਹਰ ਕੱਢਿਆ ਅਤੇ ਇਸ ਨੂੰ ਤਰੱਕੀ ਦੇ ਰਾਹ ’ਤੇ ਤੋਰਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਵੀਹ ਸਾਲ ਲੋਕਾਂ ਦੀ ਭਲਾਈ ਲਈ ਹੀ ਨਹੀਂ ਸਮਰਪਿਤ ਕੀਤੇ ਗਏ ਸਗੋਂ ਬੇਦਾਗ਼ ਰਹੇ। ਉਨ੍ਹਾਂ ਦੀ ਹਰਮਨ ਪਿਆਰਤਾ ਹਮੇਸ਼ਾ ਬਣੀ ਰਹੇ। -ਪੀਟੀਆਈ