ਨਵੀਂ ਦਿੱਲੀ, 30 ਮਈ
ਕੇਂਦਰ ਸਰਕਾਰ ਦੀ ਸੱਤਵੀਂ ਵਰ੍ਹੇਗੰਢ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੌਮੀ ਸੁਰੱਖਿਆ ਅਤੇ ਵਿਕਾਸ ਨਾਲ ਸਬੰਧਤ ਵੱਖ ਵੱਖ ਉਠਾਏ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਦਾਅਵਾ ਕੀਤਾ ਕਿ ਇਸ ਦੌਰਾਨ ਮੁਲਕ ਨੇ ਕਿੰਨੇ ਹੀ ਕੌਮੀ ਮਾਣ ਦੇ ਪਲ ਮਹਿਸੂਸ ਕੀਤੇ ਹਨ। ਆਕਾਸ਼ਵਾਣੀ ਦੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਅੱਜ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਸਫ਼ਲਤਾਵਾਂ ਦੇ ਨਾਲ ਨਾਲ ਕਈ ਚੁਣੌਤੀਆਂ ਵੀ ਆਈਆਂ। ਉਨ੍ਹਾਂ ਕੋਵਿਡ-19 ਮਹਾਮਾਰੀ ਦਾ ਜ਼ਿਕਰ ਵੀ ਕੀਤਾ ਜਿਸ ਨੇ ਲੋਕਾਂ ਦੇ ਜੀਵਨ ਦੇ ਨਾਲ ਨਾਲ ਅਰਥਚਾਰੇ ਨੂੰ ਵੱਡਾ ਝਟਕਾ ਦਿੱਤਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤ ਵਾਇਰਸ ’ਤੇ ਫ਼ਤਿਹ ਹਾਸਲ ਕਰ ਲਵੇਗਾ। ‘ਪਿਛਲੇ ਸੱਤ ਸਾਲਾਂ ’ਚ ਮੁਲਕ ਨੇ ਸਬਕਾ ਸਾਥ, ਸਬਕਾ ਵਿਕਾਸ ਸਬਕਾ ਵਿਸ਼ਵਾਸ ਦੇ ਮੰਤਰ ਦਾ ਪਾਲਣ ਕੀਤਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਕਿਸੇ ਦੇ ਦਬਾਅ ਹੇਠ ਆਉਣ ਦੀ ਬਜਾਏ ਦ੍ਰਿੜ੍ਹ ਇਰਾਦੇ ਨਾਲ ਕਦਮ ਉਠਾਏ ਜਿਸ ’ਤੇ ਸਾਰਿਆਂ ਨੂੰ ਮਾਣ ਹੈ। ਸ੍ਰੀ ਮੋਦੀ ਨੇ ਕਿਹਾ,‘‘ਹੁਣ ਜਦੋਂ ਸਾਡੇ ਖ਼ਿਲਾਫ਼ ਸਾਜ਼ਿਸ਼ ਘੜਨ ਵਾਲਿਆਂ ਨੂੰ ਭਾਰਤ ਮੂੰਹ ਤੋੜਵਾਂ ਜਵਾਬ ਦਿੰਦਾ ਹੈ ਤਾਂ ਸਾਡਾ ਹੌਸਲਾ ਹੋਰ ਵੱਧ ਜਾਂਦਾ ਹੈ। ਭਾਰਤ ਜਦੋਂ ਕੌਮੀ ਸੁਰੱਖਿਆ ਦੇ ਮੁੱਦਿਆਂ ’ਤੇ ਸਮਝੌਤਾ ਨਹੀਂ ਕਰਦਾ ਹੈ, ਜਦੋਂ ਸਾਡੇ ਹਥਿਆਰਬੰਦ ਬਲਾਂ ਦੀ ਤਾਕਤ ਵਧਦੀ ਹੈ ਤਾਂ ਸਾਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਸਹੀ ਰਾਹ ’ਤੇ ਤੁਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਕਈ ਪੁਰਾਣੇ ਵਿਵਾਦ ਮੁਕੰਮਲ ਸਾਂਤੀ ਅਤੇ ਸਦਭਾਵਨਾ ਨਾਲ ਸੁਲਝ ਗਏ ਹਨ ਅਤੇ ਹੁਣ ਉੱਤਰ-ਪੂਰਬ ਤੋਂ ਲੈ ਕੇ ਕਸ਼ਮੀਰ ਤੱਕ ਸ਼ਾਂਤੀ ਤੇ ਵਿਕਾਸ ਦਾ ਨਵਾਂ ਭਰੋਸਾ ਪੈਦਾ ਹੋਇਆ ਹੈ। ਆਜ਼ਾਦੀ ਦੇ ਸੱਤ ਦਹਾਕਿਆਂ ਬਾਅਦ ਸਿਰਫ਼ ਸਾਢੇ ਤਿੰਨ ਕਰੋੜ ਪੇਂਡੂ ਘਰਾਂ ’ਚ ਪਾਣੀ ਦੇ ਕੁਨੈਕਸ਼ਨ ਹੋਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਢੇ ਚਾਰ ਕਰੋੜ ਘਰਾਂ ਨੂੰ ਪਿਛਲੇ 21 ਮਹੀਨਿਆਂ ’ਚ ਸਾਫ਼ ਪਾਣੀ ਦੇ ਕੁਨੈਕਸ਼ਨ ਦਿੱਤੇ ਗਏ ਹਨ। ਇਨ੍ਹਾਂ ’ਚੋਂ 15 ਮਹੀਨੇ ਕਰੋਨਾਵਾਇਰਸ ਮਹਾਮਾਰੀ ਦੇ ਸਮੇਂ ਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਗਰੀਬ ‘ਆਯੂਸ਼ਮਾਨ ਯੋਜਨਾ’ ਤਹਿਤ ਮੁਫ਼ਤ ਇਲਾਜ ਰਾਹੀਂ ਸਿਹਤਮੰਦ ਹੋ ਕੇ ਘਰ ਪਰਤਦਾ ਹੈ ਤਾਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਨਵਾਂ ਜੀਵਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੱਤ ਸਾਲਾਂ ’ਚ ਭਾਰਤ ਨੇ ਡਿਜੀਟਲ ਲੈਣ-ਦੇਣ ’ਚ ਦੁਨੀਆ ਨੂੰ ਨਵੀਂ ਰਾਹ ਦਿਖਾਉਣ ਦਾ ਕੰਮ ਕੀਤਾ ਹੈ ਅਤੇ ਅੱਜ ਕਿਸੇ ਵੀ ਥਾਂ ’ਤੇ ਆਸਾਨੀ ਨਾਲ ਮਿੰਟਾਂ ’ਚ ਪੈਸੇ ਭੇਜੇ ਜਾ ਸਕਦੇ ਹਨ। ਮੁਲਕ ਵੱਲੋਂ ਸੈਟੇਲਾਈਟ ਅਤੇ ਸੜਕਾਂ ਦੀ ਉਸਾਰੀ ’ਚ ਵੀ ਰਿਕਾਰਡ ਕਾਇਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁਲਕ ਨੇ ਕਈ ਮੁਸ਼ਕਲ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਹਰ ਵਾਰ ਮਜ਼ਬੂਤ ਹੋ ਕੇ ਉਭਰਿਆ। ਕਰੋਨਾ ਨਾਲ ਜੰਗ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਕਾਰਨ ਕਈ ਮੁਸ਼ਕਲ ਹਾਲਾਤ ’ਚੋਂ ਨਿਕਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਅਜਿਹਾ ਸੰਕਟ ਹੈ ਜਿਸ ਨੇ ਪੂਰੀ ਦੁਨੀਆ ਨੂੰ ਪ੍ਰੇਸ਼ਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਲਹਿਰ ਨਾਲ ਭਾਰਤ ਨੇ ਪੂਰੇ ਹੌਸਲੇ ਨਾਲ ਜੰਗ ਲੜੀ ਸੀ ਅਤੇ ਇਸ ਵਾਰ ਵੀ ਵਾਇਰਸ ਖ਼ਿਲਾਫ਼ ਜੰਗ ’ਚ ਮੁਲਕ ਜੇਤੂ ਬਣੇਗਾ। -ਪੀਟੀਆਈ
ਮੋਦੀ ਵੱਲੋਂ ਸਰਕਾਰ ਦੀਆਂ ਲੋਕ ਪੱਖੀ ਯੋਜਨਾਵਾਂ ਦਾ ਬਿਉਰਾ ਸਾਂਝਾ
ਨਵੀਂ ਦਿੱਲੀ: ਆਪਣੀ ਸਰਕਾਰ ਦੇ ਸੱਤ ਵਰ੍ਹੇ ਪੂਰੇ ਹੋਣ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਂਦਰ ਦੀਆਂ ਲੋਕ ਪੱਖੀ ਯੋਜਨਾਵਾਂ ਦਾ ਬਿਉਰਾ ਦੇਸ਼ ਵਾਸੀਆਂ ਨਾਲ ਸਾਂਝਾ ਕੀਤਾ। ‘ਵਿਕਾਸ ਯਾਤਰਾ’ ਨਾਮ ਤੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਉਠਾਏ ਗਏ ਹਰ ਕਦਮ ’ਚ ‘ਸੇਵਾ ਦੀ ਭਾਵਨਾ’ ਪ੍ਰਮੁੱਖ ਰਹੀ ਹੈ। ਇਸ ’ਚ ਕਿਹਾ ਗਿਆ,‘‘ਮਹਾਮਾਰੀ ਦੌਰਾਨ ਵਸੀਲੇ ਜੁਟਾ ਕੇ ਲੋਕਾਂ ਦੀ ਸੇਵਾ ਕਰਨੀ ਹੋਵੇ ਜਾਂ ਗਰੀਬਾਂ ਤੱਕ ਅਨਾਜ ਦੀ ਪਹੁੰਚ ਯਕੀਨੀ ਬਣਾਉਣਾ ਹੋਵੇ, ਕਿਸਾਨਾਂ ਤੋਂ ਘੱਟੋ ਘੱਟ ਸਮਰਥਨ ਮੁੱਲ ’ਤੇ ਫ਼ਸਲਾਂ ਦੀ ਸਰਕਾਰੀ ਖ਼ਰੀਦ ਹੋਵੇ ਜਾਂ ਫਿਰ ਕਾਮਿਆਂ ਲਈ ਕੰਮ ਕਰਨ ਦਾ ਬਿਹਤਰ ਮਾਹੌਲ ਤਿਆਰ ਕਰਨਾ ਹੋਵੇ, ਇਹ ਸੇਵਾ ਦੀ ਹੀ ਭਾਵਨਾ ਹੈ ਜੋ ਦਿਖਾਈ ਦੇ ਰਹੀ ਹੈ।’’ ਸਰਕਾਰ ਨੇ ਮੁਲਕ ਦੇ ਲੋਕਾਂ ਦੀ ਸੇਵਾ ਅਤੇ ਉਨ੍ਹਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕੀਤਾ ਹੈ। -ਪੀਟੀਆਈ
ਮੋਦੀ ਸਰਕਾਰ ਨੂੰ ਅੰਤਰ ਝਾਤ ਮਾਰਨ ਦੀ ਲੋੜ: ਸ਼ਿਵ ਸੈਨਾ
ਮੁੰਬਈ: ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਨੇ ਕਿਹਾ ਹੈ ਕਿ ਜਵਾਹਰਲਾਲ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਦੀਆਂ ਪਿਛਲੀਆਂ ਸਰਕਾਰ ਵੱਲੋਂ ਕੀਤੇ ਗਏ ਚੰਗੇ ਕੰਮਾਂ ਕਰਕੇ ਮੁਲਕ ਦੀ ਹੋਂਦ ਕਾਇਮ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਮੋਦੀ ਸਰਕਾਰ ਨੂੰ ਅੰਤਰ ਝਾਤ ਮਾਰਨ ਦੀ ਲੋੜ ਹੈ ਕਿ ਕੀ ਉਹ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀ ਕਰਨ ’ਚ ਸਫ਼ਲ ਰਹੀ ਹੈ ਜਾਂ ਨਹੀਂ। ਮਹਾਰਾਸ਼ਟਰ ਸਰਕਾਰ ਨੇ ਨਰਿੰਦਰ ਮੋਦੀ ਸਰਕਾਰ ਦੀ ਸੱਤਵੀਂ ਵਰ੍ਹੇਗੰਢ ਨੂੰ ‘ਕਾਲਾ ਦਿਵਸ’ ਵਜੋਂ ਮਨਾਉਂਦਿਆਂ ਦੋਸ਼ ਲਾਇਆ ਕਿ ਉਸ ਨੇ ਮੁਲਕ ਨੂੰ ਕੋਵਿਡ-19 ਦੇ ਸੰਕਟ ਦੀ ਡੂੰਘੀ ਖੱਡ ਵੱਲ ਧਕੇਲ ਦਿੱਤਾ ਹੈ। -ਪੀਟੀਆਈ
ਮੋਦੀ ਸਰਕਾਰ ਮੁਲਕ ਲਈ ਹਾਨੀਕਾਰਕ: ਕਾਂਗਰਸ
ਨਵੀਂ ਦਿੱਲੀ: ਮੋਦੀ ਸਰਕਾਰ ਦੀ ਸੱਤਵੀਂ ਵਰ੍ਹੇਗੰਢ ਮੌਕੇ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਇਹ ਸਰਕਾਰ ਮੁਲਕ ਲਈ ਹਾਨੀਕਾਰਕ ਹੈ ਕਿਉਂਕਿ ਉਹ ਹਰ ਮੋਰਚੇ ’ਤੇ ਨਾਕਾਮ ਰਹੀ ਹੈ ਅਤੇ ਉਸ ਨੇ ਲੋਕਾਂ ਦੇ ਭਰੋਸੇ ਨੂੰ ਤੋੜਿਆ ਹੈ। ਕਾਂਗਰਸ ਨੇ ਇਸ ਮੌਕੇ ਸਰਕਾਰ ਵੱਲੋਂ ਕੀਤੀਆਂ ਗਈਆਂ ਸੱਤ ‘ਵੱਡੀਆਂ ਭੁੱਲਾਂ’ ਦੀ ਚਾਰਜਸ਼ੀਟ ਜਾਰੀ ਕੀਤੀ ਹੈ ਅਤੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਲੋਕਾਂ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਛੱਡ ਦਿੱਤਾ ਹੈ। ਕਾਂਗਰਸ ਨੇ ਸਰਕਾਰ ਬਾਕੀ ਦੀਆਂ ਸੱਤ ‘ਵੱਡੀਆਂ ਨਾਕਾਮੀਆਂ’ ਦੀ ਸੂਚੀ ਬਣਾਈ ਹੈ ਜਿਸ ’ਚ ਨਿਘਾਰ ਵੱਲ ਅਰਥਚਾਰਾ, ਵਧਦੀ ਮਹਿੰਗਾਈ ਤੇ ਬੇਰੁਜ਼ਗਾਰੀ ਅਤੇ ਕੋਵਿਡ-19 ਪ੍ਰਬੰਧਨ ਸ਼ਾਮਲ ਹਨ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਆਪਣੇ ਟਵੀਟ ’ਚ ਕਿਹਾ,‘‘ਸਰਕਾਰ ਨੂੰ ਕਰੋਨਾ ਨਾਲ ਲੜਨ ਲਈ ਸਹੀ ਇਰਾਦਾ, ਨੀਤੀ ਅਤੇ ਨਿਸ਼ਚਾ ਚਾਹੀਦਾ ਹੈ। ਨਾ ਕਿ ਮਹੀਨੇ ’ਚ ਇਕ ਵਾਰ ਫਾਲਤੂ ਦੀ ਬਾਤ।’’ ਰਾਹੁਲ ਦੀ ਇਹ ਟਿੱਪਣੀ ਉਸ ਦਿਨ ਆਈ ਹੈ ਜਦੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਾਸਿਕ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ’ਚ ਮੁਲਕ ਨੂੰ ਸੰਬੋਧਨ ਕੀਤਾ। ਕਾਂਗਰਸ ਦੇ ਜਨਰਲ ਸਕੱਤਰ ਅਤੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ’ਚ ਇਹ, ਸਰਕਾਰ ਦੀ ਬੇਮਿਸਾਲ ਬਰਬਾਦੀ, ਜ਼ਿੰਮੇਵਾਰੀਆਂ ਤਿਆਗਣ ਅਤੇ ਭਾਰਤ ਦੇ ਲੋਕਾਂ ਨੂੰ ਵਿਸਾਰੇ ਜਾਣ ਦੀ ਕਹਾਣੀ ਹੈ, ਜਿਸ ਨੂੰ ਲੋਕਾਂ ਨੇ ਬਹੁਤ ਪ੍ਰੇਮ ਅਤੇ ਸਨੇਹ ਨਾਲ ਚੁਣਿਆ ਸੀ। ਉਨ੍ਹਾਂ ਕਿਹਾ ਕਿ ਇਹ ਸਰਕਾਰ ਮੁਲਕ ਲਈ ਹਾਨੀਕਾਰਕ ਹੈ ਕਿਉਂਕਿ ਇਸ ਨੇ ਭਾਰਤ ਦੇ ਲੋਕਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ‘ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਚ ਜਤਾਏ ਗਏ ਲੋਕਾਂ ਦੇ ਭਰੋਸੇ ਅਤੇ ਸੁਭਾਵਿਕ ਵਿਸ਼ਵਾਸ ਨਾਲ ਧੋਖਾ ਕਰ ਰਹੀ ਹੈ।’ ਉਨ੍ਹਾਂ ਕਿਹਾ ਕਿ ਇਹ ਉਸ ਸਰਕਾਰ ਵੱਲੋਂ 140 ਕਰੋੜ ਭਾਰਤੀਆਂ ਨਾਲ ਕੀਤਾ ਗਿਆ ਸਭ ਤੋਂ ਵੱਡਾ ਧੋਖਾ ਹੈ ਜਿਸ ਨੂੰ ਅਣਗਿਣਤ ਵਾਅਦਿਆਂ ਦੇ ਆਧਾਰ ’ਤੇ ਚੁਣਿਆ ਗਿਆ ਸੀ। ‘ਸੱਤ ਸਾਲਾਂ ਬਾਅਦ ਹਿਸਾਬ ਲੈਣ ਦਾ ਵੇਲਾ ਆ ਗਿਆ ਹੈ। ਇਹ ਪੁੱਛਣ ਦਾ ਸਮਾਂ ਆ ਗਿਆ ਹੈ ਕਿ ਮੁਲਕ ਤਕਲੀਫ਼ ’ਚ ਕਿਉਂ ਹੈ।’ ਕਾਂਗਰਸ ਸਾਢੇ ਚਾਰ ਮਿੰਟ ਦਾ ਇਕ ਵੀਡੀਓ ‘ਭਾਰਤ ਮਾਤਾ ਦੀ ਕਹਾਣੀ’ ਵੀ ਲੈ ਕੇ ਆਈ ਹੈ ਜਿਸ ’ਚ ਪਿਛਲੇ ਸੱਤ ਸਾਲਾਂ ’ਚ ਸਰਕਾਰ ਦੀਆਂ ਨਾਕਾਮੀਆਂ ਗਿਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦਾ ਭਰੋਸਾ ਹਾਸਲ ਕਰਨ ਲਈ ਸਖ਼ਤ ਮਿਹਨਤ ਕਰੇਗੀ। -ਪੀਟੀਆਈ