ਨਵੀਂ ਦਿੱਲੀ, 9 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਗੁਲਾਮ ਨਬੀ ਆਜ਼ਾਦ ਨਾਲ ਆਪਣੀ ਨੇੜਲੀ ਸਾਂਝ ਦਾ ਜ਼ਿਕਰ ਕਰਦਿਆਂ ਅੱਜ ਭਾਵੁਕ ਹੋ ਗਏ। ਆਜ਼ਾਦ, ਜਿਨ੍ਹਾਂ ਦਾ ਅਗਲੇ ਹਫ਼ਤੇ (15 ਫਰਵਰੀ ਨੂੰ) ਰਾਜ ਸਭਾ ’ਚ 6 ਸਾਲ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ, ਨਾਲ ਆਪਣੀ ਨੇੜਤਾ ਨੂੰ ਬਿਆਨ ਕਰਨ ਮੌਕੇ ਸ੍ਰੀ ਮੋਦੀ ਦਾ ਅੱਜ ਕਈ ਵਾਰ ਗੱਚ ਭਰਿਆ। ਸ੍ਰੀ ਮੋਦੀ, ਆਜ਼ਾਦ ਤੇ ਜੰਮੂ ਕਸ਼ਮੀਰ ਨਾਲ ਸਬੰਧਤ ਤਿੰਨ ਹੋਰ ਮੈਂਬਰਾਂ- ਨਜ਼ੀਰ ਅਹਿਮਦ ਲਾਵੇ, ਸ਼ਮਸ਼ੇਰ ਸਿੰਘ ਮਿਨਹਾਸ ਤੇ ਮੀਰ ਮੁਹੰਮਦ ਲਈ ਰੱਖੀ ਵਿਦਾਇਗੀ ਤਕਰੀਰ ਮੌਕੇ ਬੋਲ ਰਹੇ ਸਨ। ਪ੍ਰਧਾਨ ਮੰਤਰੀ ਨੇ ਉਪਰਲੇ ਸਦਨ ਦੇ ਮੈਂਬਰਾਂ ਨੂੰ ਮੁਖਾਤਬਿ ਹੁੰਦਿਆਂ ਕਿਹਾ ਕਿ ਕਿਸੇ ਲਈ ਵੀ ਆਜ਼ਾਦ ਦੀ ਕਮੀ ਨੂੰ ਪੂਰਾ ਕਰਨਾ ਔਖਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦ ਨੂੰ ਨਾ ਸਿਰਫ਼ ਆਪਣੀ ਸਿਆਸੀ ਪਾਰਟੀ ਬਲਕਿ ਪੂਰੇ ਦੇਸ਼ ਤੇ ਸਦਨ ਦੀ ਫ਼ਿਕਰ ਰਹਿੰਦੀ ਸੀ। ਸ੍ਰੀ ਮੋਦੀ ਨੇ ਕਿਹਾ, ‘ਮੈਨੂੰ ਫ਼ਿਕਰ ਹੈ ਕਿ ਆਜ਼ਾਦ ਮਗਰੋਂ ਜੋ ਕੋਈ ਵੀ ਉਨ੍ਹਾਂ ਦੀ ਥਾਂ ਲਏਗਾ, ਉਸ ਤੋਂ ਵੱਡੀਆਂ ਆਸਾਂ ਰਹਿਣਗੀਆਂ ਕਿਉਂਕਿ ਉਹ (ਆਜ਼ਾਦ) ਨਾ ਸਿਰਫ਼ ਪਾਰਟੀ ਬਲਕਿ ਪੂਰੇ ਦੇਸ਼ ਤੇ ਇਸ ਸਦਨ ਦਾ ਫਿਕਰ ਕਰਦੇ ਸਨ। ਇਹ ਕੋਈ ਛੋਟੀ ਨਹੀਂ ਬਲਕਿ ਵੱਡੀ ਗੱਲ ਹੈ।’ ਸ੍ਰੀ ਮੋਦੀ ਨੇ ਆਜ਼ਾਦ ਨੂੰ ਸਲਾਮ ਕਰਦਿਆਂ ਕਿਹਾ, ‘ਸੱਤਾ ਆਉਂਦੀ ਹੈ ਤੇ ਜਾਂਦੀ ਹੈ, ਪਰ (ਕੁਝ ਇਕ ਨੂੰ ਪਤਾ ਹੈ ਕਿ) ਇਸ ਨੂੰ ਕਿਵੇਂ ਪਚਾਉਣਾ ਹੈ…ਲਿਹਾਜ਼ਾ ਇਕ ਦੋਸਤ ਵਜੋਂ ਇੰਨੇ ਸਾਲਾਂ ਵਿੱਚ ਉੁਨ੍ਹਾਂ ਜੋ ਕੁਝ ਕੀਤਾ, ਉਸ ਲਈ ਮੈਂ ਇਨ੍ਹਾਂ ਦਾ ਸਤਿਕਾਰ ਕਰਦਾ ਹਾਂ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਆਜ਼ਾਦ ਦੀ ਆਪਣੇ ਦੇਸ਼ ਲਈ ਫ਼ਿਕਰ ਉਨ੍ਹਾਂ ਨੂੰ ਬੈਠਣ ਨਹੀਂ ਦੇਵੇਗੀ ਅਤੇ ਭਵਿੱਖ ਵਿੱਚ ਉਹ ਜਿਹੜੀ ਵੀ ਜ਼ਿੰਮੇਵਾਰੀ ਲੈਣਗੇ, ਉਸ ਦਾ ਦੇਸ਼ ਨੂੰ ਲਾਹਾ ਮਿਲੇਗਾ।
-ਪੀਟੀਆਈ