ਨਵੀਂ ਦਿੱਲੀ, 17 ਦਸੰਬਰ
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸੱਤ ਸਾਲ ’ਚ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਿੱਤੀ ਹੈ ਅਤੇ ਜਦੋਂ ਕੋਈ ਫ਼ੈਸਲਾ ਲਿਆ ਜਾਂਦਾ ਹੈ ਤਾਂ ਕੋਈ ਉਸ ਦੀ ਨੀਅਤ ’ਤੇ ਸ਼ੱਕ ਨਹੀਂ ਕਰ ਸਕਦਾ।
ਫਿੱਕੀ ਦੀ ਸਾਲਾਨਾ ਆਮ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਵੱਡੀਆਂ ਪ੍ਰਾਪਤੀਆਂ ’ਚੋਂ ਇੱਕ ਇਹ ਰਹੀ ਕਿ ਉਹ ਦੇਸ਼ ਦੀ ਵਿਕਾਸ ਪ੍ਰਕਿਰਿਆ ਅਧੀਨ 60 ਕਰੋੜ ਲੋਕਾਂ ਨੂੰ ਲਿਆਈ ਜੋ ਆਜ਼ਾਦੀ ਮਗਰੋਂ ਵਿਕਾਸ ਤੋਂ ਵਾਂਝੇ ਸਨ ਅਤੇ ਸਰਕਾਰ ਨੇ ਲੋਕਤੰਤਰ ’ਚ ਉਨ੍ਹਾਂ ਦਾ ਭਰੋਸਾ ਵਧਾਉਣ ’ਚ ਮਦਦ ਕੀਤੀ। ਉਨ੍ਹਾਂ ਕਿਹਾ, ‘ਪਿਛਲੇ ਸੱਤ ਸਾਲਾਂ ’ਚ ਭ੍ਰਿਸ਼ਟਾਚਾਰ ਦੀ ਇੱਕ ਵੀ ਮਿਸਾਲ ਨਹੀਂ ਰਹੀ ਹੈ। ਅਸੀਂ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਿੱਤੀ ਹੈ। ਅਸੀਂ ਕਈ ਫ਼ੈਸਲੇ ਲਏ ਅਤੇ ਇੱਕ ਜਾਂ ਦੋ ਗਲਤ ਹੋ ਸਕਦੇ ਹਨ ਪਰ ਕੋਈ ਵੀ ਇੱਥੋਂ ਤੱਕ ਕਿ ਆਲੋਚਕ ਵੀ ਇਹ ਨਹੀਂ ਕਹਿ ਸਕਦੇ ਦਿ ਸਾਡੀ ਨੀਅਤ ਮਾੜੀ ਹੈ।’
ਗ੍ਰਹਿ ਮੰਤਰੀ ਨੇ ਕਿਹਾ ਕਿ ਅਰਥਚਾਰੇ ’ਚ ਵੱਡੀਆਂ ਤਬਦੀਲੀਆਂ ਆਈਆਂ ਹਨ ਅਤੇ ਆਜ਼ਾਦੀ ਮਗਰੋਂ ਦੇਸ਼ ਦੀ ਵਿਕਾਸ ਪ੍ਰਕਿਰਿਆ ’ਚੋਂ ਵਾਂਝੇ ਰਹੇ 60 ਕਰੋੜ ਲੋਕਾਂ ਨੂੰ ਇਸ ’ਚ ਸ਼ਾਮਲ ਕੀਤਾ ਗਿਆ ਹੈ। ਸ਼ਾਹ ਨੇ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਤੇ ਇੰਡਸਟੀਜ਼ ਦੀ ਮੀਟਿੰਗ ਦੌਰਾਨ ਕਿਹਾ, ‘60 ਕਰੋੜ ਲੋਕ ਅਜਿਹੇ ਸਨ ਜਿਨ੍ਹਾਂ ਦਾ ਬੈਂਕ ਖਾਤਾ ਨਹੀਂ ਸੀ। ਉਨ੍ਹਾਂ ਕੋਲ ਬਿਜਲੀ, ਗੈਸ ਕੁਨੈਕਸ਼ਨ ਜਾਂ ਸਿਹਤ ਸਹੂਲਤਾਂ ਨਹੀਂ ਸਨ। ਮੋਦੀ ਸਰਕਾਰ ਨੇ ਇਹ ਸਾਰੀਆਂ ਸਹੂਲਤਾਂ ਉਨ੍ਹਾਂ ਨੂੰ ਦਿੱਤੀਆਂ ਤੇ ਇਸ ਨੇ ਭਾਰਤ ਜਮਹੂਰੀ ਪ੍ਰਕਿਰਿਆ ’ਚ ਉਨ੍ਹਾਂ ਦਾ ਭਰੋਸਾ ਵਧਾਉਣ ’ਚ ਮਦਦ ਕੀਤੀ।’ -ਪੀਟੀਆਈ
ਵਿਰੋਧੀ ਪਾਰਟੀਆਂ ਨੇ ਕੁਝ ਖਾਸ ਜਾਤਾਂ ਲਈ ਕੰਮ ਕੀਤਾ: ਸ਼ਾਹ
ਲਖਨਊ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵਿਰੋਧੀ ਧਿਰਾਂ ’ਤੇ ਹਮਲਾ ਬੋਲਿਆ ਤੇ ਕਿਹਾ ਕਿ ਰਾਜ ’ਚ ਸੱਤਾ ’ਚ ਰਹਿੰਦਿਆਂ ਇਨ੍ਹਾਂ ਪਾਰਟੀਆਂ ਨੇ ਸਿਰਫ਼ ਕੁਝ ਜਾਤਾਂ ਲਈ ਕੰਮ ਕੀਤਾ। ਉਹ ਭਾਜਪਾ ਦੀ ਨਵੀਂ ਭਾਈਵਾਲ ਨਿਸ਼ਾਦ ਪਾਰਟੀ ਵੱਲੋਂ ਇੱਥੇ ਰੱਖੀ ‘ਸਰਕਾਰ ਬਣਾਓ, ਅਧਿਕਾਰ ਪਾਓ’ ਰੈਲੀ ਨੂੰ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ, ‘ਜਦੋਂ ਵੀ ਸਮਾਜਵਾਦੀ ਪਾਰਟੀ ਜਾਂ ਬਹੁਜਨ ਸਮਾਜ ਪਾਰਟੀ ਨੇ ਉੱਤਰ ਪ੍ਰਦੇਸ਼ ’ਚ ਸਰਕਾਰ ਬਣਾਈ ਉਨ੍ਹਾਂ ਸਿਰਫ਼ ਆਪਣੀਆਂ ਜਾਤਾਂ ਲਈ ਕੰਮ ਕੀਤਾ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੀਆਂ ਪੱਛੜੀਆਂ ਜਾਤਾਂ ਤੇ ਗਰੀਬ ਲੋਕਾਂ ਦੇ ਹਿੱਤ ’ਚ ਕੰਮ ਕੀਤਾ ਹੈ।’ ਉਨ੍ਹਾਂ ਇਹ ਵੀ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਰਾਜ ’ਚ ਅਪਰਾਧੀ ਤੇ ਮਾਫੀਆ ਤੱਤਾਂ ਨੂੰ ਜੜ੍ਹੋਂ ਪੁੱਟ ਦਿੱਤਾ ਗਿਆ ਹੈ। -ਪੀਟੀਆਈ