ਹੈਦਰਾਬਾਦ, 29 ਅਕਤੂਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਤਿਲੰਗਾਨਾ ਦੇ ਮਹਬਿੂਬਨਗਰ ਕਸਬੇ ਦੇ ਧਰਮਪੁਰ ਤੋਂ ਅੱਜ ਆਪਣੀ ‘ਭਾਰਤ ਜੋੜੋ ਯਾਤਰਾ’ ਆਰੰਭੀ। ਯਾਤਰਾ ਵਿਚ ਉਨ੍ਹਾਂ ਦੇ ਨਾਲ ਅੱਜ ਇਕ ਫ਼ਿਲਮੀ ਹਸਤੀ ਅਤੇ ਓਸਮਾਨੀਆ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਵੀ ਜੁੜੇ। ਰਾਹੁਲ ਦੀ ਅਗਵਾਈ ਵਿਚ ਯਾਤਰਾ ਨੇ ਅੱਜ 20 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ। ਤਿਲੰਗਾਨਾ ਵਿਚ ਅੱਜ ਯਾਤਰਾ ਦਾ ਚੌਥਾ ਦਿਨ ਸੀ। ਗਾਂਧੀ ਨੇ ਸ਼ਾਮ ਵੇਲੇ ਇਕ ਛੋਟੇ ਇਕੱਠ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਕਾਂਗਰਸ ਆਗੂ ਨੇ ਕਿਹਾ, ‘ਭਾਰਤ ਵਿਚ ਪਿਛਲੇ 35 ਸਾਲਾਂ ਦੇ ਮੁਕਾਬਲੇ ਅੱਜ ਸਭ ਤੋਂ ਵੱਧ ਬੇਰੁਜ਼ਗਾਰ ਹਨ। ਇਸ ਦੇ ਨਾਲ ਹੀ ਦੁਨੀਆ ਦੇ ਸਭ ਤੋਂ ਵੱਡੇ ਅਮੀਰ ਵੀ ਭਾਰਤ ਵਿਚ ਹੀ ਹਨ। ਜੋ ਵੀ ਉਹ (ਅਮੀਰ ਲੋਕ) ਚਾਹੁੰਦੇ ਹਨ, ਕਰ ਸਕਦੇ ਹਨ। ਇੱਥੇ ਮੁੱਖ ਮੰਤਰੀ (ਕੇ. ਚੰਦਰਸ਼ੇਖਰ ਰਾਓ) ਤੇ ਉੱਥੇ ਮੋਦੀ (ਪ੍ਰਧਾਨ ਮੰਤਰੀ ਨਰਿੰਦਰ ਮੋਦੀ) ਉਨ੍ਹਾਂ ਨੂੰ ਪੂਰਾ ਸਹਿਯੋਗ ਦਿੰਦੇ ਹਨ। ਇਹ ਸਿਆਸੀ ਪਾਰਟੀਆਂ ਨਹੀਂ ਬਲਕਿ ਕਾਰੋਬਾਰੀ ਇਕਾਈਆਂ ਹਨ।’ ਰਾਹੁਲ ਨੇ ਕਿਹਾ ਕਿ ਮੁਲਕ ਵਿਚ ਕਿਸਾਨਾਂ ਨੂੰ ਵੀ ਉਨ੍ਹਾਂ ਦੀ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ ਹੈ। ਰਾਹੁਲ ਨੇ ਭਾਜਪਾ ’ਤੇ ਨਫ਼ਰਤ ਫ਼ੈਲਾਉਣ ਤੇ ਹਿੰਸਾ ਭੜਕਾਉਣ ਦਾ ਦੋਸ਼ ਲਾਇਆ। ਭਾਰਤ ਜੋੜੋ ਯਾਤਰਾ ਅੱਜ ਸਵੇਰੇ ਸਾਢੇ ਛੇ ਵਜੇ ਤੁਰੀ ਤੇ ਕਈ ਪਾਰਟੀ ਆਗੂ ਇਸ ਦੌਰਾਨ ਰਾਹੁਲ ਗਾਂਧੀ ਨਾਲ ਜੁੜਦੇ ਗਏ। ਅਦਾਕਾਰਾ ਪੂਨਮ ਕੌਰ ਤੇ ਯੂਨੀਵਰਸਿਟੀ ਵਿਦਿਆਰਥੀ ਰਾਹ ਵਿਚ ਰਾਹੁਲ ਨਾਲ ਪੈਦਲ ਚੱਲੇ। ਗਾਂਧੀ ਦੀ ਅਗਵਾਈ ਵਿਚ ਯਾਤਰਾ ਨੇ ਸ਼ੁੱਕਰਵਾਰ 23.3 ਕਿਲੋਮੀਟਰ ਦਾ ਪੈਂਡਾ ਤੈਅ ਕੀਤਾ ਸੀ। ਇਸ ਤੋਂ ਬਾਅਦ ਇਹ ਧਰਮਪੁਰ ਵਿਚ ਰਾਤ ਲਈ ਰੁਕੀ। ਤਿਲੰਗਾਨਾ ਵਿਚ ਯਾਤਰਾ ਨੂੰ ਸਫ਼ਲਤਾ ਨਾਲ ਸਿਰੇ ਚੜ੍ਹਾਉਣ ਲਈ ਪਾਰਟੀ ਨੇ ਦਸ ਕਮੇਟੀਆਂ ਦਾ ਗਠਨ ਕੀਤਾ ਹੈ। ਰਾਹੁਲ ਗਾਂਧੀ ਹੁਣ ਤੱਕ ਕੇਰਲਾ, ਆਂਧਰਾ ਪ੍ਰਦੇਸ਼ ਤੇ ਕਰਨਾਟਕ ਵਿਚ ਆਪਣੀ ਮੈਰਾਥਨ ਯਾਤਰਾ ਪੂਰੀ ਕਰ ਚੁੱਕੇ ਹਨ। -ਪੀਟੀਆਈ