ਨਵੀਂ ਦਿੱਲੀ, 26 ਅਕਤੂਬਰ
ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਅੱਜ ਇੱਥੇ ਮੋਦੀ ਸਰਕਾਰ ’ਤੇ ਮਨਰੇਗਾ ਨੂੰ ਯੋਜਨਾਬੱਧ ਢੰਗ ਨਾਲ ਦਬਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਮਨਰੇਗਾ ਨੂੰ ਭਾਰਤ ਦੇ ਕਰੋੜਾਂ ਗਰੀਬ ਭਾਈਚਾਰਿਆਂ ਦੀ ‘ਜੀਵਨ-ਰੇਖਾ’ ਕਰਾਰ ਦਿੰਦਿਆਂ ਇਸ ਦਾ ਬਜਟ ਵਧਾਉਣ ਦੀ ਮੰਗ ਕੀਤੀ ਹੈ। ਜੈਰਾਮ ਰਮੇਸ਼ ਨੇ ਬਿਆਨ ਵਿੱਚ ਕਿਹਾ, ‘‘ਬਜਟ ਅਲਾਟਮੈਂਟ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ ਅਤੇ ਮਜ਼ਦੂਰਾਂ ਦੀ ਦਿਹਾੜੀ ਨਹੀਂ ਵਧਾਈ ਜਾ ਰਹੀ।’’ ਕਾਂਗਰਸ ਨੇਤਾ ਨੇ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਮਹਾਤਮਾ ਗਾਂਧੀ ਕੌਮੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ ਲਈ ਆਧਾਰ ਆਧਾਰਿਤ ਭੁਗਤਾਨ ਪ੍ਰਣਾਲੀ ਲਾਜ਼ਮੀ ਕੀਤੇ ਜਾਣ ਦਾ ਇਸ ਯੋਜਨਾ ’ਤੇ ਮਾੜਾ ਪ੍ਰਭਾਵ ਪਿਆ ਹੈ। -ਪੀਟੀਆਈ