ਪਟਨਾ
ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਕਮਜ਼ੋਰ’ ਹੈ ਅਤੇ ਅਗਲੇ ਮਹੀਨੇ ਦੀ ਸ਼ੁਰੂਆਤ ਵਿੱਚ ਡਿੱਗ ਸਕਦੀ ਹੈ। ਉਨ੍ਹਾਂ ਪਾਰਟੀ ਦੇ ਸਥਾਪਨਾ ਦਿਵਸ ਸਬੰਧੀ ਕਰਵਾਏ ਗਏ ਇੱਕ ਸਮਾਗਮ ਦੌਰਾਨ ਇਹ ਦਾਅਵਾ ਕੀਤਾ।
ਪਾਰਟੀ ਦੇ 28 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਇਹ ਸਮਾਗਮ ਕਰਵਾਇਆ ਗਿਆ ਸੀ। ਲਾਲੂ ਪ੍ਰਸਾਦ ਨੇ ਕਿਹਾ, ‘ਮੋਦੀ ਸਰਕਾਰ ਕਮਜ਼ੋਰ ਹੈ। ਇਹ ਕਦੀ ਵੀ ਡਿੱਗ ਸਕਦੀ ਹੈ। ਇਹ ਅਗਸਤ ਵਿੱਚ ਡਿੱਗ ਸਕਦੀ ਹੈ।’ ਇਸ ਦੌਰਾਨ ਲਾਲੂ ਦੇ ਛੋਟੇ ਪੁੱਤਰ ਤੇ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਵੀ ਹਾਜ਼ਰ ਸਨ। ਪ੍ਰਸਾਦ ਨੇ ਪਾਰਟੀ ਵਰਕਰਾਂ ਨੂੰ ਅਜਿਹੀ ਕਿਸੇ ਵੀ ਸਥਿਤੀ ਲਈ ਤਿਆਰ ਸਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ ’ਚ ਆਰਜੇਡੀ ਨੇ ਪੰਜ ਸਾਲਾਂ ਦੇ ਮੁਕਾਬਲੇ ਆਪਣੀਆਂ ਸੀਟਾਂ ਦੀ ਗਿਣਤੀ ਤੇ ਵੋਟ ਪ੍ਰਤੀਸ਼ਤ ’ਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ, ‘ਅਸੀਂ ਕਾਫੀ ਸਮੇਂ ਤੋਂ ਬਿਹਾਰ ਵਿਧਾਨ ਸਭਾ ’ਚ ਸਭ ਤੋਂ ਵੱਡੀ ਪਾਰਟੀ ਰਹੇ ਹਾਂ। ਕਈ ਹੋਰ ਪਾਰਟੀਆਂ ਦੇ ਉਲਟ ਅਸੀਂ ਕਦੀ ਵਿਚਾਰਧਾਰਾ ਨਾਲ ਸਮਝੌਤ ਨਹੀਂ ਕੀਤਾ।’ -ਪੀਟੀਆਈ