ਨਵੀਂ ਦਿੱਲੀ, 1 ਅਕਤੂਬਰ
ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੁਝ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨਾਂ ਦਰਮਿਆਨ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਕਿਸਾਨ ਭਾਈਚਾਰੇ ਨੂੰ ਭਰੋਸਾ ਦਿਵਾਉਂਦਿਆਂ ਅੱਜ ਕਿਹਾ ਕਿ ਉਨ੍ਹਾਂ ਦੀਆਂ ਜਿਣਸਾਂ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ’ਤੇ ਖਰੀਦਣ ਦਾ ਪ੍ਰਬੰਧ ਨਾ ਸਿਰਫ਼ ਜਾਰੀ ਰਹੇਗਾ ਬਲਕਿ ਆਉਂਦੇ ਕੁਝ ਸਾਲਾਂ ਨੂੰ ਇਸ ਵਿੱਚ ਲਗਾਤਾਰ ਵਾਧਾ ਵੀ ਹੋਵੇਗਾ। ਕਾਂਗਰਸ ਦੇ ਯੂਥ ਵਿੰਗ ਨਾਲ ਸਬੰਧਤ ਪ੍ਰਦਰਸ਼ਨਕਾਰੀਆਂ ਵੱਲੋਂ ਇੰਡੀਆ ਗੇਟ ਅੱਗੇ ਟਰੈਕਟਰ ਸਾੜਨ ਲਈ ਪਾਰਟੀ ਨੂੰ ਲੰਮੇ ਹੱਥੀਂ ਲੈਂਦਿਆਂ ਸਿੰਘ ਨੇ ਕਿਹਾ, ‘ਜਿਵੇਂ ਫੌਜੀਆਂ ਲਈ ਉਨ੍ਹਾਂ ਦੇ ਹਥਿਆਰ ਮੁਕੱਦਸ ਹੁੰਦੇ ਹਨ, ਉਸੇ ਤਰ੍ਹਾਂ ਕਿਸਾਨਾਂ ਲਈ ਟਰੈਕਟਰ ਹੈ। ਇਸ ਨੂੰ ਸਾੜ ਕੇ ਉਹ ਸਾਡੇ ਕਿਸਾਨਾਂ ਦਾ ਨਿਰਾਦਰ ਕਰ ਰਹੇ ਹਨ।’ ਇਥੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੰਘ ਨੇ ਕਿਹਾ, ‘ਇਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ, ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੋਦੀ ਸਰਕਾਰ ਅਜਿਹਾ ਕੋਈ ਕੰਮ ਨਹੀਂ ਕਰੇਗੀ, ਜੋ ਕਿਸਾਨ ਹਿੱਤਾਂ ਦੇ ਖ਼ਿਲਾਫ਼ ਜਾਂਦਾ ਹੋਵੇ।’ ਉਨ੍ਹਾਂ ਕਿਹਾ, ‘ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਜੇਕਰ ਉਨ੍ਹਾਂ ਨੂੰ ਕਿਸੇ ਗੱਲ ਦਾ ਊਜਰ ਜਾਂ ਖ਼ਦਸ਼ਾ ਹੈ ਤਾਂ ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ।’ ਪੀਟੀਆਈ