ਨਵੀਂ ਦਿੱਲੀ:
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫੋਨ ’ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮੋਦੀ ਨੇ ਜਿੱਥੇ ਬਾਇਡਨ ਨੂੰ ਆਪਣੇ ਯੂਕਰੇਨ ਦੌਰੇ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਪੂਰਬੀ ਯੂਰੋਪੀ ਦੇਸ਼ ਵਿੱਚ ਜਲਦੀ ਸ਼ਾਂਤੀ ਤੇ ਸਥਿਰਤਾ ਬਹਾਲ ਕਰਨ ਲਈ ਭਾਰਤ ਦੇ ਪੂਰਨ ਸਹਿਯੋਗ ਦੀ ਵਚਨਬੱਧਤਾ ਦੁਹਰਾਈ। ਦੋਵੇਂ ਆਗੂਆਂ ਨੇ ਬੰਗਲਾਦੇਸ਼ ਵਿੱਚ ਮੌਜੂਦਾ ਹਾਲਾਤ ਬਾਰੇ ਵੀ ਚਰਚਾ ਕੀਤੀ ਅਤੇ ਉੱਥੇ ਜਲਦੀ ਤੋਂ ਜਲਦੀ ਹਾਲਾਤ ਆਮ ਵਰਗੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਘੱਟ-ਗਿਣਤੀਆਂ, ਖ਼ਾਸ ਕਰ ਕੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਮੋਦੀ ਨੇ ‘ਐਕਸ’ ਉੱਤੇ ਕਿਹਾ, ‘‘ਅਸੀਂ ਯੂਕਰੇਨ ’ਚ ਮੌਜੂਦਾ ਹਾਲਾਤ ਸਣੇ ਵੱਖ-ਵੱਖ ਖੇਤਰੀ ਤੇ ਆਲਮੀ ਮੁੱਦਿਆਂ ਬਾਰੇ ਗੱਲਬਾਤ ਕੀਤੀ। ਮੈਂ ਯੂਕਰੇਨ ਵਿੱਚ ਜਲਦੀ ਤੋਂ ਜਲਦੀ ਸ਼ਾਂਤੀ ਤੇ ਸਥਿਰਤਾ ਬਹਾਲ ਕਰਨ ਲਈ ਭਾਰਤ ਦੇ ਪੂਰੇ ਸਹਿਯੋਗ ਦੀ ਵਚਨਬੱਧਤਾ ਦੁਹਰਾਈ।’’ ਉਨ੍ਹਾਂ ਕਿਹਾ, ‘‘ਅਸੀਂ ਬੰਗਲਾਦੇਸ਼ ਵਿੱਚ ਮੌਜੂਦਾ ਹਾਲਾਤ ਬਾਰੇ ਵੀ ਗੱਲ ਕੀਤੀ ਅਤੇ ਉੱਥੇ ਜਲਦੀ ਤੋਂ ਜਲਦੀ ਹਾਲਾਤ ਆਮ ਵਰਗੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਬੰਗਲਾਦੇਸ਼ ਵਿੱਚ ਘੱਟ-ਗਿਣਤੀਆਂ, ਖ਼ਾਸ ਕਰ ਕੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ।’’
ਇਕ ਸਰਕਾਰੀ ਬਿਆਨ ਮੁਤਾਬਕ ਮੋਦੀ ਨੇ ਬਾਇਡਨ ਨੂੰ ਆਪਣੇ ਹਾਲ ਦੇ ਯੂਕਰੇਨ ਦੌਰੇ ਬਾਰੇ ਵੀ ਜਾਣਕਾਰੀ ਦਿੱਤੀ। ਫੋਨ ’ਤੇ ਹੋਈ ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਾਇਡਨ ਨੇ ਕੁਆਡ ਸਣੇ ਬਹੁਪੱਖੀ ਸਹਿਯੋਗ ਮਜ਼ਬੂਤ ਕਰਨ ਦੀ ਵਚਨਬੱਧਤਾ ਵੀ ਦੁਹਰਾਈ। -ਪੀਟੀਆਈ