ਜੈਪੁਰ, 12 ਫਰਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੰਨੋਂ ਖੇਤੀ ਕਾਨੂੰਨਾਂ ਰਾਹੀਂ ਆਪਣੇ ‘ਦੋਸਤਾਂ’ ਦਾ ਰਾਹ ਪੱਧਰਾ ਕਰਨ ਦੀ ਕੋਸ਼ਿਸ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਿਸਾਨਾਂ ਨੂੰ ਧਮਕੀਆਂ ਦੇ ਰਹੇ ਹਨ ਪਰ ਚੀਨ ਸਾਹਮਣੇ ਉਹ ਡਟ ਕੇ ਖੜ੍ਹੇ ਨਹੀਂ ਹੋ ਸਕਦੇ ਹਨ। ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਕਸਬੇ ਪੀਲੀਬੰਗਾ ਅਤੇ ਸ੍ਰੀਗੰਗਾਨਗਰ ਦੇ ਪਦਮਪੁਰ ਕਸਬੇ ’ਚ ਕਿਸਾਨ ਮਹਾਪੰਚਾਇਤਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਖੇਤੀ ਕਾਨੂੰਨਾਂ ਦਾ ਅਸਰ 40 ਫ਼ੀਸਦੀ ਆਬਾਦੀ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਨੋਟਬੰਦੀ ਅਤੇ ਜੀਐੱਸਟੀ ਲਾਗੂ ਕਰਨ ਤੋਂ ਬਾਅਦ ਨਵੇਂ ਖੇਤੀ ਕਾਨੂੰਨ ਬਣਾ ਕੇ ਮੁਲਕ ਦੇ ਲੋਕਾਂ ਨੂੰ ਇਕ ਹੋਰ ਝਟਕਾ ਦਿੱਤਾ ਗਿਆ ਹੈ। ਉਨ੍ਹਾਂ ਪੂਰਬੀ ਲੱਦਾਖ ’ਚ ਭਾਰਤ-ਚੀਨ ਵਿਚਕਾਰ ਫ਼ੌਜਾਂ ਪਿੱਛੇ ਹਟਾਉਣ ਲਈ ਹੋਏ ਸਮਝੌਤੇ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਪੈਂਗੌਂਗ ਝੀਲ ਦੇ ਕੰਢਿਆਂ ’ਤੇ ਫਿੰਗਰ 3 ਅਤੇ 4 ਵਿਚਕਾਰਲੇ ਇਲਾਕੇ ਤੋਂ ਆਪਣਾ ਕਬਜ਼ਾ ਛੱਡ ਦਿੱਤਾ ਹੈ। ਰਾਹੁਲ ਨੇ ਕਿਹਾ,‘‘ਉਹ ਚੀਨ ਮੂਹਰੇ ਖੜ੍ਹੇ ਨਹੀਂ ਹੋਣਗੇ ਪਰ ਕਿਸਾਨਾਂ ਨੂੰ ਧਮਕੀਆਂ ਦਿੰਦੇ ਹਨ। ਇਹ ਨਰਿੰਦਰ ਮੋਦੀ ਦੀ ਅਸਲੀਅਤ ਹੈ।’’ ਪੀਲੀਬੰਗਾ ’ਚ ਮੰਚ ਉਪਰ ਪਾਰਟੀ ਆਗੂਆਂ ਦੇ ਬੈਠਣ ਲਈ ਉਚੇਚੇ ਤੌਰ ’ਤੇ ਮੰਜਿਆਂ ਦਾ ਪ੍ਰਬੰਧ ਕੀਤਾ ਗਿਆ ਸੀ ਜਦਕਿ ਪਦਮਪੁਰ ’ਚ ਮੂੜ੍ਹੇ ਲਗਾਏ ਗਏ ਸਨ। ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਨਵੇਂ ਖੇਤੀ ਕਾਨੂੰਨ ਲਾਗੂ ਹੋਣ ਨਾਲ ਸਰਕਾਰੀ ਮੰਡੀਆਂ ਬੰਦ ਹੋ ਜਾਣਗੀਆਂ ਅਤੇ ਵੱਡੇ ਕਾਰੋਬਾਰੀ ਆਪਣੀ ਮਰਜ਼ੀ ਦੇ ਭਾਅ ’ਤੇ ਫ਼ਸਲ ਖ਼ਰੀਦਣਗੇ। ‘ਜੇਕਰ ਇਕੋ ਵਿਅਕਤੀ ਪੂਰੇ ਮੁਲਕ ਦਾ ਅਨਾਜ ਖ਼ਰੀਦਣਾ ਚਾਹੇਗਾ ਤਾਂ ਇਹ ਸੰਭਵ ਹੈ। ਤਾਂ ਫਿਰ ਮੰਡੀ ਪ੍ਰਣਾਲੀ ਕਿੱਥੇ ਜਾਵੇਗੀ ਅਤੇ ਜਮ੍ਹਾਂਖੋਰੀ ਵਧੇਗੀ।’ ਉਨ੍ਹਾਂ ਦਾਅਵਾ ਕੀਤਾ ਕਿ ਕਾਨੂੰਨਾਂ ਦਾ ਅਸਲ ਮਨੋਰਥ 40 ਫ਼ੀਸਦ ਲੋਕਾਂ ਦਾ ਕੰਮਕਾਰ ਸਿਰਫ਼ ਦੋ ਜਾਂ ਤਿੰਨ ਵਿਅਕਤੀਆਂ ਦੇ ਹਵਾਲੇ ਕਰਨਾ ਹੈ। -ਪੀਟੀਆਈ
ਭਾਜਪਾ ਨੇ ਰਾਹੁਲ ਨੂੰ ਘੇਰਿਆ
ਨਵੀਂ ਦਿੱਲੀ: ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪਰ ਕੀਤੇ ਗਏ ਤਿੱਖੇ ਹਮਲੇ ਲਈ ਰਾਹੁਲ ਗਾਂਧੀ ਨੂੰ ਘੇਰਦਿਆਂ ਭਾਜਪਾ ਨੇ ਕਾਂਗਰਸ ਆਗੂ ’ਤੇ ਦੋਸ਼ ਲਾਇਆ ਕਿ ਉਹ ਪੂਰੀ ਤਰ੍ਹਾਂ ਨਾਲ ਝੂਠ ਬੋਲ ਕੇ ਮੁਲਕ ਦੇ ਸੁਰੱਖਿਆ ਬਲਾਂ ਦਾ ਅਪਮਾਨ ਕਰ ਰਿਹਾ ਹੈ। ਭਾਜਪਾ ਨੇ ਕਿਹਾ ਕਿ ਚੀਨ ਕੋਲ 43 ਹਜ਼ਾਰ ਸਕੁਏਅਰ ਕਿਲੋਮੀਟਰ ਜ਼ਮੀਨ ਗੁਆਉਣ ਲਈ ਦੇਸ਼ ਗਾਂਧੀ ਪਰਿਵਾਰ ਨੂੰ ਕਦੇ ਵੀ ਮੁਆਫ਼ ਨਹੀਂ ਕਰ ਸਕਦਾ ਹੈ। ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਜਦੋਂ ਕਿਸੇ ’ਚ ਨੈਤਿਕਤਾ ਨਾ ਬਚੇ ਅਤੇ ਉਹ ਹਾਂ-ਪੱਖੀ ਯੋਗਦਾਨ ਨਾ ਦੇ ਸਕੇ ਤਾਂ ਉਹ ਝੂਠ ਬੋਲਦਾ ਹੈ। -ਪੀਟੀਆਈ
‘ਮੋਦੀ ਨੇ ‘ਭਾਰਤ ਮਾਤਾ ਦਾ ਇਕ ਟੁਕੜਾ’ ਚੀਨ ਹਵਾਲੇ ਕੀਤਾ’
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੀਨ ਨਾਲ ਸਰਹੱਦੀ ਵਿਵਾਦ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਸੰਸਦ ਦੇ ਦੋਵੇਂ ਸਦਨਾਂ ’ਚ ਦਿੱਤੇ ਗਏ ਬਿਆਨ ਮਗਰੋਂ ਅੱਜ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਭਾਰਤ ਮਾਤਾ ਦਾ ਇਕ ਟੁਕੜਾ’ ਚੀਨ ਹਵਾਲੇ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ 100 ਫ਼ੀਸਦੀ ਕਾਇਰ ਹਨ ਜੋ ਚੀਨ ਸਾਹਮਣੇ ਝੁਕ ਗਏ ਅਤੇ ਉਨ੍ਹਾਂ ਫ਼ੌਜੀਆਂ ਦੀ ਸ਼ਹਾਦਤ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਬਿਆਨ ਦੇਣ ਲਈ ਰੱਖਿਆ ਮੰਤਰੀ ਨੂੰ ਹੀ ਕਿਉਂ ਅੱਗੇ ਕੀਤਾ। ਪ੍ਰਧਾਨ ਮੰਤਰੀ ਨੂੰ ਆਖਣਾ ਚਾਹੀਦਾ ਹੈ ਕਿ ਉਨ੍ਹਾਂ ਭਾਰਤੀ ਜ਼ਮੀਨ ਚੀਨ ਨੂੰ ਦੇ ਦਿੱਤੀ ਹੈ ਅਤੇ ਇਹੋ ਸਚਾਈ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ,‘‘ਕੱਲ ਰੱਖਿਆ ਮੰਤਰੀ ਨੇ ਸੰਸਦ ਦੇ ਦੋਵੇਂ ਸਦਨਾਂ ’ਚ ਬਿਆਨ ਦਿੱਤਾ। ਕਈ ਅਜਿਹੀਆਂ ਗੱਲਾਂ ਹਨ, ਜਿਨ੍ਹਾਂ ਨੂੰ ਸਪੱਸ਼ਟ ਕਰਨ ਦੀ ਲੋੜ ਹੈ। ਵਿਵਾਦ ਦੀ ਸ਼ੁਰੂਆਤ ਤੋਂ ਹੀ ਭਾਰਤ ਦਾ ਇਹ ਰੁਖ਼ ਰਿਹਾ ਹੈ ਕਿ ਅਪਰੈਲ 2020 ਤੋਂ ਪਹਿਲਾਂ ਦੀ ਸਥਿਤੀ ਬਹਾਲ ਹੋਣੀ ਚਾਹੀਦੀ ਹੈ ਪਰ ਰੱਖਿਆ ਮੰਤਰੀ ਦੇ ਬਿਆਨ ਤੋਂ ਸਪੱਸ਼ਟ ਹੈ ਕਿ ਅਸੀਂ ਆਪਣਾ ਇਲਾਕਾ ਫਿੰਗਰ 4 ਛੱਡ ਕੇ ਫਿੰਗਰ 3 ’ਤੇ ਆ ਗਏ ਹਾਂ।’’ -ਪੀਟੀਆਈ
ਚੀਨ ਨਾਲ ਸਮਝੌਤੇ ਤਹਿਤ ਕੋਈ ਇਲਾਕਾ ਨਹੀਂ ਗੁਆਇਆ: ਸਰਕਾਰ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਸਰਕਾਰ ’ਤੇ ਦੋਸ਼ ਲਾਏ ਜਾਣ ਮਗਰੋਂ ਭਾਰਤ ਨੇ ਕਿਹਾ ਹੈ ਕਿ ਚੀਨ ਨਾਲ ਪੂਰਬੀ ਲੱਦਾਖ ਦੇ ਪੈਂਗੌਂਗ ਝੀਲ ਵਾਲੇ ਇਲਾਕਿਆਂ ’ਚੋਂ ਫ਼ੌਜਾਂ ਪਿੱਛੇ ਹਟਾਉਣ ਲਈ ਹੋਏ ਸਮਝੌਤੇ ਤਹਿਤ ਮੁਲਕ ਨੇ ਆਪਣੀ ਜ਼ਮੀਨ ਦਾ ਕੋਈ ਵੀ ਟੁੱਕੜਾ ਨਹੀਂ ਗੁਆਇਆ ਹੈ। ਰੱਖਿਆ ਮੰਤਰਾਲੇ ਨੇ ਤਿੱਖੇ ਸ਼ਬਦਾਂ ਵਾਲਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੂਰਬੀ ਲੱਦਾਖ ਸੈਕਟਰ ’ਚ ਦੇਸ਼ ਦੇ ਹਿੱਤਾਂ ਦੀ ਰਾਖੀ ਕੀਤੀ ਗਈ ਹੈ ਕਿਉਂਕਿ ਸਰਕਾਰ ਨੇ ਫ਼ੌਜ ਦੀ ਯੋਗਤਾ ’ਤੇ ਪੂਰਾ ਭਰੋਸਾ ਜਤਾਇਆ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਜਿਹੜੇ ਵਿਅਕਤੀ ਪ੍ਰਾਪਤੀਆਂ ’ਤੇ ਸ਼ੱਕ ਜਤਾ ਰਹੇ ਹਨ, ਉਹ ਅਸਲ ’ਚ ਜਵਾਨਾਂ ਦੀਆਂ ਕੁਰਬਾਨੀਆਂ ਦਾ ਅਪਮਾਨ ਕਰ ਰਹੇ ਹਨ। ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਫਿੰਗਰ 4 ਤੱਕ ਭਾਰਤੀ ਇਲਾਕਾ ਹੋਣ ਦਾ ਦਾਅਵਾ ਝੂਠਾ ਹੈ। ਅਸਲ ਕੰਟਰੋਲ ਰੇਖਾ ਵੀ ਫਿੰਗਰ 4 ’ਤੇ ਨਹੀਂ ਫਿੰਗਰ 8 ’ਤੇ ਹੈ। ਉਨ੍ਹਾਂ ਕਿਹਾ ਹੈ ਕਿ ਲਗਾਤਾਰ ਦਬਾਅ ਬਣਾਏ ਜਾਣ ਕਾਰਨ ਸਥਿਤੀ ’ਚ ਇਕਤਰਫ਼ਾ ਬਦਲਾਅ ਨਹੀਂ ਹੋ ਸਕਿਆ। ਮੰਤਰਾਲੇ ਨੇ ਬਿਆਨ ’ਚ ਕਿਹਾ ਕਿ ਉਨ੍ਹਾਂ ਮੀਡੀਆ ਅਤੇ ਸੋਸ਼ਲ ਮੀਡੀਆ ’ਚ ਪੈਂਗੌਂਗ ਸੋ ’ਚ ਫ਼ੌਜਾਂ ਪਿੱਛੇ ਹਟਾਉਣ ਬਾਰੇ ਗੁੰਮਰਾਹਕੁਨ ਅਤੇ ਗਲਤ ਬਿਆਨਾਂ ਦਾ ਨੋਟਿਸ ਲਿਆ ਹੈ ਜਿਸ ਕਾਰਨ ਉਨ੍ਹਾਂ ਨੂੰ ਸਹੀ ਬਿਆਨ ਦੇਣ ਲਈ ਅੱਗੇ ਆਉਣਾ ਪਿਆ ਹੈ। -ਪੀਟੀਆਈ