ਜੋਰਹਾਟ, 21 ਮਾਰਚ
ਅਸਾਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹੱਲਾ ਬੋਲਦਿਆਂ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਦੋਸ਼ ਲਾਇਆ ਕਿ ਉਹ 22 ਸਾਲਾਂ ਦੀ ਇਕ ਲੜਕੀ ਵੱਲੋਂ ਕੀਤੇ ਟਵੀਟ ਤੋਂ ਤਾਂ ਦੁਖੀ ਹਨ ਪਰ ਉਨ੍ਹਾਂ ਨੂੰ ਅਸਾਮ ਦੇ ਹੜ੍ਹਾਂ ਮਾਰੇ ਲੋਕਾਂ ਦਾ ਕਦੇ ਕੋਈ ਫ਼ਿਕਰ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਮੋਦੀ ਨੇ ਸ਼ਨਿਚਰਵਾਰ ਟੂਲਕਿੱਟ ਦਾ ਮੁੱਦਾ ਉਠਾਇਆ ਸੀ ਤੇ ਦੋਸ਼ ਲਾਇਆ ਸੀ ਕਿ ਇਸ ਪਿੱਛੇ ਕਾਂਗਰਸ ਦੀ ਸਾਜ਼ਿਸ਼ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਮਹਾਮਾਰੀ ਦੌਰਾਨ ਆਏ ਹੜ੍ਹਾਂ ਕਾਰਨ ਅਸਾਮ ਵਿਚ ਲੱਖਾਂ ਲੋਕ ਪ੍ਰਭਾਵਿਤ ਹੋਏ ਸਨ। ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਮੋਦੀ ਅਸਾਮ ਦੇ ਵਿਕਾਸ ਤੇ ਪਾਰਟੀ ਦੇ ਕੰਮ ਬਾਰੇ ਗੱਲ ਕਰਨਗੇ ਪਰ ਉਹ ਇਕ 22 ਸਾਲਾ ਲੜਕੀ (ਦਿਸ਼ਾ ਰਵੀ) ਬਾਰੇ ਬੋਲਣ ਲੱਗੇ। ਪ੍ਰਿਯੰਕਾ ਨੇ ਅਸਾਮ ਦੀ ਚਾਹ ਸਨਅਤ ਤੇ ਵਰਕਰਾਂ ਦੀ ਹਾਲਤ ਬਾਰੇ ਵੀ ਮੋਦੀ ਨੂੰ ਸਵਾਲ ਕੀਤੇ। ਕਾਂਗਰਸੀ ਆਗੂ ਨੇ ਨਾਲ ਹੀ ਕਿਹਾ ਕਿ ਸੀਏਏ ਖ਼ਿਲਾਫ਼ ਸੰਘਰਸ਼ ਵਿਚ ਪੰਜ ਨੌਜਵਾਨਾਂ ਦੀ ਜਾਨ ਚਲੀ ਗਈ, ਪਰ ਮੋਦੀ ਨੇ ਇਸ ਬਾਰੇ ਵੀ ਕੋਈ ਜ਼ਿਕਰ ਨਹੀਂ ਕੀਤਾ। ਪ੍ਰਿਯੰਕਾ ਨੇ ਕਿਹਾ ਕਿ ਭਾਜਪਾ ਨੇ ਵੱਡੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਨੂੰ ਅਸਾਮ ਵਿਚ ਵਫ਼ਾ ਨਹੀਂ ਕਰ ਸਕੀ। ਕਾਂਗਰਸੀ ਆਗੂ ਨੇ ਵਿਅੰਗ ਕਸਦਿਆਂ ਕਿਹਾ ਕਿ ਅਸਾਮ ਵਿਚ ਇਸ ਵੇਲੇ ‘ਦੋ ਮੁੱਖ ਮੰਤਰੀ ਹਨ।’ ਦੱਸਣਯੋਗ ਹੈ ਕਿ ਸੂਬੇ ’ਚ ਮੰਤਰੀ ਹਿਮੰਤ ਬਿਸਵਾ ਸਰਮਾ ਤੇ ਮੁੱਖ ਮੰਤਰੀ ਸਰਬਨੰਦਾ ਸੋਨੋਵਾਲ ਵਿਚਾਲੇ ਖਿੱਚੋਤਾਣ ਦੀਆਂ ਅਫ਼ਵਾਹਾਂ ਹਨ। -ਪੀਟੀਆਈ