ਟ੍ਰਿਬਿਊਨ ਨਿਊਜ਼ ਸਰਵਿਸ
ਕੁੱਲੂ/ਸ਼ਿਮਲਾ, 3 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਦੇ ਮਨਾਲੀ ਦੇ ਰੋਹਤਾਂਗ ਦੱਰੇ ’ਤੇ 3500 ਕਰੋੜ ਰੁਪਏ ਨਾਲ ਬਣੀ ਸਭ ਤੋਂ ਲੰਬੀ ‘ਅਟਲ ‘ਸੁਰੰਗ ਦੇਸ਼ ਨੂੰ ਸਮਰਪਿਤ ਕੀਤਾ। ਇਸ ਸੁਰੰਗ ਦਾ ਨੀਂਹ ਪੱਥਰ 28 ਜੂਨ 2010 ਨੂੰ ਯੂਪੀਏ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਨੇ ਰੱਖਿਆ ਸੀ। ਪ੍ਰਧਾਨ ਮੰਤਰੀ ਅੱਜ ਸਵੇਰੇ ਮਨਾਲੀ ਪਹੁੰਚੇ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ, ਹਿਮਾਚਲ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਮੌਜੂਦ ਸਨ। 10,000 ਫੁੱਟ ਤੋਂ ਵੱਧ ਦੀ ਉਚਾਈ ‘ਤੇ ਬਣੀ ਇਹ ਦੁਨੀਆਂ ਦੀ ਸਭ ਤੋਂ ਲੰਮੀ ਸੁਰੰਗ ਵਿੱਚੋਂ ਇਕ ਹੈ। ਇਸ ਦੀ ਲੰਬਾਈ 9.02 ਕਿਲੋਮੀਟਰ ਹੈ। ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ ਦੇ 3000 ਜਵਾਨਾਂ ਨੇ 10 ਸਾਲ ਵਿੱਚ ਇਸ ਨੂੰ ਤਿਆਰ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਉਸਾਰੀ ਦੌਰਾਨ 6 ਦਰਜਨ ਤੋਂ ਵੱਧ ਕਾਮਿਆਂ ਦੀ ਜਾਨ ਵੀ ਗਈ। ਸੁਰੰਗ ਬਣਨ ਨਾਲ ਹਿਮਾਚਲ ਦੀ ਲਾਹੌਲ ਵਾਦੀ ਭਾਰੀ ਬਰਫਬਾਰੀ ਕਾਰਨ ਬਾਕੀ ਇਲਾਕਿਆਂ ਨਾਲੋ ਕੱਟ ਜਾਂਦੀ ਸੀ। ਇਸ ਨਾਲ ਮਨਾਲੀ ਤੋਂ ਲੇਹ ਤੱਕ ਦੀ ਦੂਰੀ ਘੱਟ ਜਾਵੇਗੀ।