ਵਾਰਾਣਸੀ, 13 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਾਸ਼ੀ ਵਿਸ਼ਵਨਾਥ ਧਾਮ ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਆਪਣੇ ਚੋਣ ਹਲਕੇ ਵਿਚ ਆਉਣ ਤੋਂ ਬਾਅਦ ਸ੍ਰੀ ਮੋਦੀ ਨੇ ਕਾਲ ਭੈਰਵ ਮੰਦਰ ਵਿਚ ਪੂਜਾ ਕੀਤੀ ਅਤੇ ਗੰਗਾ ਨਦੀ ਵਿਚ ਇਸ਼ਨਾਨ ਕੀਤਾ। ਉਹ ਉੱਥੋਂ ਗੰਗਾ ਜਲ ਲੈ ਕੇ ਭਗਵਾਨ ਸ਼ਿਵ ’ਤੇ ਚੜ੍ਹਾਉਣ ਲਈ ਕਾਸ਼ੀ ਵਿਸ਼ਵਨਾਥ ਮੰਦਰ ਆਏ। ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਤੋਂ ਪਹਿਲਾਂ ਸ੍ਰੀ ਮੋਦੀ ਨੇ ਇਕ ਪ੍ਰਾਰਥਨਾ ਸਮਾਰੋਹ ਵਿਚ ਹਿੱਸਾ ਲਿਆ। ਉਪਰੰਤ ਉਨ੍ਹਾਂ ਇਸ ਪ੍ਰਾਜੈਕਟ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ’ਤੇ ਉਨ੍ਹਾਂ ਦੇ ਕੰਮ ਲਈ ਧੰਨਵਾਦ ਕਰਨ ਵਾਸਤੇ ਫੁੱਲਾਂ ਦੀ ਬਰਖਾ ਕੀਤੀ। ਉਹ ਸਮੂਹ ਤਸਵੀਰ ਲਈ ਉਨ੍ਹਾਂ ਦੇ ਨਾਲ ਵੀ ਬੈਠੇ। ਕਾਸ਼ੀ ਵਿਸ਼ਵਨਾਥ ਧਾਮ ਪ੍ਰਾਜੈਕਟ ਕਰੀਬ ਪੰਜ ਲੱਖ ਵਰਗ ਫੁੱਟ ਵਿਚ ਫੈਲਿਆ ਹੋਇਆ ਹੈ ਅਤੇ ਗੰਗਾ ਨਦੀ ਨੂੰ ਕਾਸ਼ੀ ਵਿਸ਼ਵਨਾਥ ਮੰਦਰ ਨਾਲ ਜੋੜਦਾ ਹੈ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਭਾਜਪਾ ਪ੍ਰਧਾਨ ਜੇ.ਪੀ. ਨੱਢਾ ਅਤੇ ਦੇਸ਼ ਭਰ ਤੋਂ ਆਏ ਸਾਧੂ-ਸੰਤ ਵੀ ਮੌਜੂਦ ਸਨ। -ਪੀਟੀਆਈ