ਕੁਸ਼ੀਨਗਰ, 20 ਅਕਤੂਬਰ
ਸਰਕਾਰ ਵੱਲੋਂ ਬੁੱਧ ਧਰਮ ਨਾਲ ਜੁੜੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਮੁਹਿੰਮ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ’ਚ ਕੁਸ਼ੀਨਗਰ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਵਾਬਾਜ਼ੀ ਸੈਕਟਰ ਨੂੰ ਹੁਲਾਰਾ ਦੇਣ ਲਈ ਕਈ ਕਦਮ ਉਠਾਏ ਗਏ ਹਨ। ਸਵੇਰੇ ਕਰੀਬ 9 ਵਜੇ ਸ੍ਰੀਲੰਕਾ ਦਾ ਜਹਾਜ਼ ਬੋਧੀ ਭਿਕਸ਼ੂਆਂ ਅਤੇ ਹੋਰ ਹਸਤੀਆਂ ਨੂੰ ਲੈ ਕੇ ਹਵਾਈ ਅੱਡੇ ’ਤੇ ਉਤਰਿਆ ਜੋ ਕਰੀਬ 260 ਕਰੋੜ ਰੁਪਏ ਨਾਲ ਉਸਾਰਿਆ ਗਿਆ ਹੈ। ਭਗਵਾਨ ਬੁੱਧ ਨਾਲ ਜੁੜੀਆਂ ਕੁਝ ਯਾਦਗਾਰਾਂ ਲਿਆਉਣ ਵਾਲੇ ਬੋਧੀ ਭਿਕਸ਼ੂਆਂ ਦਾ ਸਵਾਗਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅਤੇ ਕੇਂਦਰੀ ਮੰਤਰੀਆਂ ਨੇ ਕੀਤਾ। ਜ਼ਿਕਰਯੋਗ ਹੈ ਕਿ ਕੁਸ਼ੀਨਗਰ ਨੂੰ ਭਗਵਾਨ ਬੁੱਧ ਦਾ ਅੰਤਿਮ ਵਿਸ਼ਰਾਮ ਅਸਥਾਨ ਮੰਨਿਆ ਜਾਂਦਾ ਹੈ ਅਤੇ ਇਹ ਬੋਧੀਆਂ ਦਾ ਅਹਿਮ ਧਾਰਮਿਕ ਅਸਥਾਨ ਹੈ।
ਪ੍ਰਧਾਨ ਮੰਤਰੀ ਨੇ ਕਿਹਾ,‘‘ਹਵਾਈ ਅੱਡਾ ਬਣਨ ਨਾਲ ਇਹ ਸਥਾਨ ਸੈਰ-ਸਪਾਟੇ ਨਾਲ ਜੁੜ ਗਿਆ ਹੈ, ਜਿਸ ਨਾਲ ਅਰਥਚਾਰੇ ’ਚ ਸੁਧਾਰ ਆਵੇਗਾ ਅਤੇ ਖਿੱਤੇ ’ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।’’ ਏਅਰ ਇੰਡੀਆ ਨੂੰ ਪ੍ਰਾਈਵੇਟ ਹੱਥਾਂ ’ਚ ਦੇਣ ਦੇ ਫ਼ੈਸਲੇ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਹਵਾਬਾਜ਼ੀ ਸੈਕਟਰ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਇਹ ਕਦਮ ਉਠਾਇਆ ਗਿਆ ਹੈ। ਉਨ੍ਹਾਂ ‘ਪੀਐੱਮ ਗਤੀਸ਼ਕਤੀ-ਨੈਸ਼ਨਲ ਮਾਸਟਰ ਪਲਾਨ’ ਬਾਰੇ ਕਿਹਾ ਕਿ ਇਸ ਨਾਲ ਨਾ ਕੇਵਲ ਸਰਕਾਰ ਦੇ ਕੰਮਕਾਜ ’ਚ ਸੁਧਾਰ ਆਵੇਗਾ ਸਗੋਂ ਸੜਕ, ਰੇਲ ਅਤੇ ਹਵਾਈ ਸਫ਼ਰ ਨੂੰ ਸੁਖਾਲਾ ਬਣਾਇਆ ਜਾਵੇਗਾ। ਉਡਾਨ ਯੋਜਨਾ ਬਾਰੇ ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ 900 ਤੋਂ ਜ਼ਿਆਦਾ ਨਵੇਂ ਰੂਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਨ੍ਹਾਂ ’ਚੋਂ 350 ਤੋਂ ਜ਼ਿਆਦਾ ’ਤੇ ਹਵਾਈ ਸੇਵਾ ਸ਼ੁਰੂ ਹੋ ਚੁੱਕੀ ਹੈ। ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਕਿਹਾ ਕਿ ਦਿੱਲੀ, ਮੁੰਬਈ ਅਤੇ ਕੋਲਕਾਤਾ ਤੋਂ ਕੁਸ਼ੀਨਗਰ ਹਵਾਈ ਅੱਡੇ ਲਈ ਛੇਤੀ ਉਡਾਣਾਂ ਸ਼ੁਰੂ ਹੋ ਜਾਣਗੀਆਂ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਸੂਬੇ ’ਚ 11 ਨਵੇਂ ਹਵਾਈ ਅੱਡਿਆਂ ਲਈ ਕੰਮ ਚੱਲ ਰਿਹਾ ਹੈ। ਸ੍ਰੀ ਮੋਦੀ ਨੇ ਕੁਸ਼ੀਨਗਰ ’ਚ 280 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ। -ਪੀਟੀਆਈ
ਭਗਵਾਨ ਬੁੱਧ ਭਾਰਤੀ ਸੰਵਿਧਾਨ ਲਈ ਅੱਜ ਵੀ ਪ੍ਰੇਰਣਾਸ੍ਰੋਤ: ਮੋਦੀ
ਕੁਸ਼ੀਨਗਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਗਵਾਨ ਬੁੱਧ ਭਾਰਤੀ ਸੰਵਿਧਾਨ ਲਈ ਅੱਜ ਵੀ ਪ੍ਰੇਰਣਾਸ੍ਰੋਤ ਹਨ। ਅਭੀਧਾਮ ਦਿਵਸ ਪ੍ਰੋਗਰਾਮ ਮੌਕੇ ਇਥੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਤਿਰੰਗੇ ’ਚ ‘ਧਮ ਚੱਕਰ’ ਮੁਲਕ ਦੀ ਤਾਕਤ ਹੈ। ਅਭੀਧਾਮ ਦਿਵਸ ਤਿੰਨ ਮਹੀਨਿਆਂ ਦੀ ਵਰਖਾ ਰਿਤੂ ਦੀ ਸਮਾਪਤੀ ਦਾ ਪ੍ਰਤੀਕ ਹੈ ਜਿਸ ਦੌਰਾਨ ਬੋਧ ਭਿਕਸ਼ੂ ਆਪਣੇ ਮੱਠਾਂ ’ਚ ਪ੍ਰਾਰਥਨਾ ਅਤੇ ਧਿਆਨ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵੀ ਜਦੋਂ ਕੋਈ ਸੰਸਦ ਅੰਦਰ ਦਾਖ਼ਲ ਹੁੰਦਾ ਹੈ ਤਾਂ ਉਸ ਨੂੰ ‘ਧਰਮ ਚੱਕਰ ਪ੍ਰਵਰਤਨੇਯ’ ਮੰਤਰ ਨਜ਼ਰ ਆਉਂਦਾ ਹੈ। ਇਸ ਮੌਕੇ ਉਨ੍ਹਾਂ ਕੁਸ਼ੀਨਗਰ ’ਚ ਭਗਵਾਨ ਬੁੱਧ ਦੀ ਆਰਾਮਦੇਹ ਅਵਸਥਾ ’ਚ ਪਈ ਮੂਰਤੀ ਦੇ ਦਰਸ਼ਨ ਵੀ ਕੀਤੇ।