ਚੰਡੀਗੜ੍ਹ, 7 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੈਸਟਰਨ ਡੈਡੀਕੇਟਿਡ ਫਰਾਈਟ ਕੋਰੀਡਰ (ਡਬਲਿਊਡੀਐੱਫਸੀ) ਦਾ 306 ਕਿਲੋਮੀਟਰ ਲੰਮਾ ਨਿਊ ਰਿਵਾੜੀ-ਨਿਊ ਮਦਾਰ ਖੰਡ ਅੱਜ ਦੇਸ਼ ਨੂੰ ਸਮਰਪਿਤ ਕੀਤਾ ਗਿਆ। ਸ੍ਰੀ ਮੋਦੀ ਨੇ ਇਸ ਮੌਕੇ ਡੇਢ ਕਿਲੋਮੀਟਰ ਲੰਮੀ ਦੋਹਰੇ ਸਟੈਕ ਵਾਲੀ ਕੰਟੇਨਰ ਟਰੇਨ ਨੂੰ ਵੀ ਹਰੀ ਝੰਡੀ ਵਿਖਾਈ। ਬਿਜਲਈ ਇੰਜਣ ਨਾਲ ਚੱਲਣ ਵਾਲੀ ਇਹ ਗੱਡੀ ਨਿਊ ਅਟੇਲੀ ਤੋਂ ਨਿਊ ਕਿਸ਼ਨਗੜ੍ਹ ਦਰਮਿਆਨ ਚੱਲੇਗੀ। ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤੇ ਉਦਘਾਟਨ ਮਗਰੋਂ ਕਿਹਾ, ‘ਦੇਸ਼ ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ ਜਿਹੜਾ ‘ਮਹਾਯੱਗਿਆ’ ਸ਼ੁਰੂ ਕੀਤਾ ਹੈ, ਉਸ ਨੂੰ ਅੱਜ ਨਵੀਂ ਰਫ਼ਤਾਰ ਮਿਲੀ ਹੈ। ਇਹ ਸਮਰਪਿਤ ਮਾਲ ਢੁਆਈ ਗਲਿਆਰਾ 21ਵੀਂ ਸਦੀ ਦੇ ਭਾਰਤ ਲਈ ਯੁੱਗ ਪਲਟਾਊ ਸਾਬਤ ਹੋਵੇਗਾ।’ ਗਲਿਆਰੇ ਦਾ ਨਵਾਂ ਹਿੱਸਾ ਖੁੱਲ੍ਹਣ ਨਾਲ ਹਰਿਆਣਾ ਤੇ ਰਾਜਸਥਾਨ (ਰੇਵਾੜੀ, ਮਾਨੇਸਰ, ਨਾਰਨੌਲ, ਫੁਲੇਰਾ ਤੇ ਕਿਸ਼ਨਗੜ੍ਹ) ਦੀਆਂ ਸਨਅਤਾਂ ਨੂੰ ਲਾਹਾ ਮਿਲੇਗਾ। -ਪੀਟੀਆਈ