ਕੇਵੜੀਆ, 30 ਅਕਤੂਬਰ
ਦੋ ਦਿਨਾਂ ਦੇ ਗੁਜਰਾਤ ਦੌਰੇ ’ਤੇ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਰਮਦਾ ਜ਼ਿਲ੍ਹੇ ਦੇ ਕੇਵੜੀਆ ’ਚ ਸਟੈਚੂ ਆਫ਼ ਯੂਨਿਟੀ ਨੇੜੇ ਸੈਲਾਨੀਆਂ ਦੇ ਆਕਰਸ਼ਣ ਵਾਲੇ ਚਾਰ ਨਵੇਂ ਪ੍ਰਾਜੈਕਟਾਂ ਦਾ ਊਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਅਰੋਗਿਆ ਵਨ, ਏਕਤਾ ਮਾਲ, ਚਿਲਡਰਨਜ਼ ਨਿਊਟ੍ਰੀਸ਼ਨ ਪਾਰਕ ਅਤੇ ਸਰਦਾਰ ਪਟੇਲ ਜ਼ੁਆਲੋਜੀਕਲ ਪਾਰਕ/ਜੰਗਲ ਸਫਾਰੀ ਦਾ ਊਦਘਾਟਨ ਕੀਤਾ। ਊਨ੍ਹਾਂ ਸ਼ੁੱਕਰਵਾਰ ਅਤੇ ਸ਼ਨਿਚਰਵਾਰ ਨੂੰ ਕੁੱਲ 17 ਨਵੇਂ ਪ੍ਰਾਜੈਕਟਾਂ ਦਾ ਊਦਘਾਟਨ ਕਰਨਾ ਹੈ ਜਿਨ੍ਹਾਂ ’ਚ ਸੀਅਪਲੇਨ (ਪਾਣੀ ’ਤੇ ਚੱਲਣ ਵਾਲਾ ਜਹਾਜ਼) ਸੇਵਾ ਵੀ ਸ਼ਾਮਲ ਹੈ। ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਅਤੇ ਊਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਅਫ਼ਸੋਸ ਜਤਾਇਆ। ਸ੍ਰੀ ਮੋਦੀ ਅੱਜ ਜਦੋਂ ਅਹਿਮਦਾਬਾਦ ਹਵਾਈ ਅੱਡੇ ’ਤੇ ਪੁੱਜੇ ਤਾਂ ਊਹ ਸਿੱਧੇ ਹੀ ਸ੍ਰੀ ਪਟੇਲ ਦੀ ਗਾਂਧੀਨਗਰ ਸਥਿਤ ਰਿਹਾਇਸ਼ ’ਤੇ ਪਹੁੰਚੇ। ਸ੍ਰੀ ਪਟੇਲ ਸੂਬੇ ’ਚ 1995 ’ਚ ਭਾਜਪਾ ਦੀ ਪਹਿਲੀ ਸਰਕਾਰ ਦੌਰਾਨ ਮੁੱਖ ਮੰਤਰੀ ਰਹੇ ਸਨ। ਊਧਰ ਸ੍ਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਪੁਲੀਸ ਕਰਮੀਆਂ ਦਾ ਕਰੋਨਾ ਟੈਸਟ ਹੋਇਆ ਜਿਸ ’ਚ 23 ਮੁਲਾਜ਼ਮ ਪਾਜ਼ੇਟਿਵ ਪਾਏ ਗਏ। ਸਟੈਚੂ ਆਫ਼ ਯੂਨਿਟੀ ਦੇ ਆਲੇ-ਦੁਆਲੇ ਇਲਾਕੇ ਦੀ ਸੁਰੱਖਿਆ ਲਈ ਵੱਖ ਵੱਖ ਜ਼ਿਲ੍ਹਿਆਂ ਤੋਂ ਸਟੇਟ ਰਿਜ਼ਰਵ ਪੁਲੀਸ ਦੇ 5 ਹਜ਼ਾਰ ਤੋਂ ਜ਼ਿਆਦਾ ਜਵਾਨ ਤਾਇਨਾਤ ਕੀਤੇ ਗਏ ਹਨ। -ਪੀਟੀਆਈ