ਰੋਮ, 30 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਟਲੀ ’ਚ ਪਰਵਾਸੀ ਭਾਰਤੀਆਂ ਨਾਲ ਉਨ੍ਹਾਂ ਦੀ ‘ਸ਼ਾਨਦਾਰ ਗੱਲਬਾਤ’ ਹੋਈ ਹੈ। ਉਨ੍ਹਾਂ ਇਥੇ ਕੁਝ ਸਿੱਖਾਂ, ਵਿਦਿਆਰਥੀਆਂ ਅਤੇ ਹਿੰਦੂ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੀ। ਜੀ-20 ਸਿਖਰ ਸੰਮੇਲਨ ’ਚ ਸ਼ਾਮਲ ਹੋਣ ਲਈ ਇਟਲੀ ਪੁੱਜੇ ਪ੍ਰਧਾਨ ਮੰਤਰੀ ਨੇ ਟਵਿੱਟਰ ’ਤੇ ਰੋਮ ’ਚ ਪਰਵਾਸੀ ਭਾਰਤੀਆਂ ਨਾਲ ਗੱਲਬਾਤ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਸ੍ਰੀ ਮੋਦੀ ਨੇ ਟਵੀਟ ਕੀਤਾ,‘‘ਬੀਤੀ ਸ਼ਾਮ ਪਰਵਾਸੀ ਭਾਰਤੀਆਂ ਨਾਲ ਰੋਮ ’ਚ ਸ਼ਾਨਦਾਰ ਸੰਵਾਦ ਹੋਇਆ। ਇਨ੍ਹਾਂ ’ਚ ਉਹ ਲੋਕ ਵੀ ਸ਼ਾਮਲ ਸਨ ਜੋ ਭਾਰਤ ਬਾਰੇ ਅਧਿਐਨ ਕਰ ਰਹੇ ਹਨ ਅਤੇ ਉਹ ਵੀ ਜਿਨ੍ਹਾਂ ਦੇ ਪਿਛਲੇ ਕੁਝ ਸਾਲਾਂ ਤੋਂ ਸਾਡੇ ਮੁਲਕ ਨਾਲ ਨਜ਼ਦੀਕੀ ਸਬੰਧ ਬਣੇ ਹਨ। ਵੱਖ ਵੱਖ ਵਿਸ਼ਿਆਂ ’ਤੇ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਨਾ ਵਧੀਆ ਤਜਰਬਾ ਰਿਹਾ।’’ਸਨਾਤਨ ਧਰਮ ਸੰਘ ਦੇ ਪ੍ਰਧਾਨ ਸਵਾਮਿਨੀ ਹੰਸਾਨੰਦ ਗਿਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ‘ਦਿਲ ਨੂੰ ਛੂਹ ਲੈਣ ਵਾਲੀ ਰਹੀ।’ ਉਨ੍ਹਾਂ ਕਿਹਾ ਕਿ ਇਟਲੀ ’ਚ ਹਿੰਦੂ ਹੋਣਾ ਆਸਾਨ ਨਹੀਂ ਹੈ ਪਰ ਪ੍ਰਧਾਨ ਮੰਤਰੀ ਨਾਲ ਮਿਲਣਾ ਉਨ੍ਹਾਂ ਲਈ ਬਹੁਤ ਸਨਮਾਨ ਦੀ ਗੱਲ ਹੈ। ਗਿਰੀ ਨੇ ਕਿਹਾ ਕਿ ਭਾਰਤ ਦਾ ਸੱਭਿਆਚਾਰ ਮਨੁੱਖਤਾ ਲਈ ਇਕ ਖ਼ਜ਼ਾਨੇ ਵਾਂਗ ਹੈ ਕਿਉਂਕਿ ਪ੍ਰਾਚੀਨ ਸਮੇਂ ਤੋਂ ਲੈ ਕੇ ਹੁਣ ਤੱਕ ਇਹ ਸੱਭਿਆਚਾਰ ਪੂਰੀ ਮਾਨਵਤਾ ਲਈ ਹੈ। ਇਹ ਸ਼ੁਰੂ ਤੋਂ ਹੀ ਅਹਿੰਸਾ, ਸਦਭਾਵ ਅਤੇ ਕੁਦਰਤ ਦਾ ਸਨਮਾਨ ਕਰਨ ਵਾਲਾ ਸੱਭਿਆਚਾਰ ਰਿਹਾ ਹੈ। ਗਿਰੀ ਨੇ ਦੱਸਿਆ ਕਿ ਮੋਦੀ ਨੇ ਸਾਰਿਆਂ ਨੂੰ ਨਿਵੇਕਲਾ ਸਵਾਲ ਕੀਤਾ ਅਤੇ ਪੁੱਛਿਆ ਕਿ ਭਾਰਤ ’ਚ ਉਨ੍ਹਾਂ ਨੂੰ ਕਿਹੜੀ ਥਾਂ ਪਸੰਦ ਹੈ। ਜਦੋਂ ਉਨ੍ਹਾਂ ਤਾਮਿਲ ਨਾਡੂ ਆਪਣੀ ਪਸੰਦੀਦਾ ਥਾਂ ਦੱਸੀ ਤਾਂ ਪ੍ਰਧਾਨ ਮੰਤਰੀ ਤਾਮਿਲ ਭਾਸ਼ਾ ’ਚ ਉਨ੍ਹਾਂ ਨਾਲ ਗੱਲਬਾਤ ਕਰਨ ਲੱਗ ਪਏ। -ਪੀਟੀਆਈ