ਸ਼ਿਰਡੀ, 16 ਨਵੰਬਰ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਦੇ ਭਰਾ ਰਾਹੁਲ ਗਾਂਧੀ ਦੇ ਰਾਖਵਾਂਕਰਨ ਵਿਰੋਧੀ ਹੋਣ ਬਾਰੇ ਝੂਠ ਫੈਲਾਅ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਰਾਹੁਲ ਗਾਂਧੀ ਤੋਂ ਡਰਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਦੇਸ਼ ’ਚ ਜਾਤੀ ਜਨਗਣਨਾ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਇਹ ਗੱਲ ਮਹਾਰਾਸ਼ਟਰ ’ਚ 20 ਨਵੰਬਰ ਨੂੰ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਅਹਿੱਲਿਆਨਗਰ ਜ਼ਿਲ੍ਹੇ ਦੇ ਸ਼ਿਰਡੀ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਆਖੀ। ਇਸ ਦੌਰਾਨ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਜਾਤੀ ਜਨਗਣਨਾ ਕਰਵਾਉਣ ਅਤੇ ਰਾਖਵੇਂਕਰਨ ਦੀ 50 ਫ਼ੀਸਦ ਹੱਦ ਹਟਾਉਣ ਦਾ ਜਨਤਕ ਤੌਰ ’ਤੇ ਐਲਾਨ ਕਰਨ ਦੀ ਚੁਣੌਤੀ ਵੀ ਦਿੱਤੀ।
ਪ੍ਰਿਯੰਕਾ ਨੇ ਕਿਹਾ ਕਿ ਮਹਾਰਾਸ਼ਟਰ ਤੋਂ 10 ਲੱਖ ਕਰੋੜ ਰੁਪਏ ਦੇ ਪ੍ਰਾਜੈਕਟ ਖੋਹੇ ਗਏ ਹਨ। ਉਨ੍ਹਾਂ ਕਿਹਾ, ‘‘ਸਾਨੂੰ ਸਭ ਨੂੰ ਮਹਾਰਾਸ਼ਟਰ ’ਤੇ ਮਾਣ ਹੈ। ਪਰ ਛਤਰਪਤੀ ਸ਼ਿਵਾਜ਼ੀ ਮਹਾਰਾਜ ਦੀ ਇਸ ਧਰਤੀ ਦਾ ਅਪਮਾਨ ਕੀਤਾ ਜਾ ਰਿਹਾ ਹੈ। ਲੋਕਾਂ ਦੀ ਤੌਹੀਨ ਕੀਤੀ ਜਾ ਰਹੀ ਹੈ। ਮੋਦੀ ਸਣੇ ਇਹ ਸਾਰੇ ਇਹ ਸਾਰੇ ਆਗੂ ਉਨ੍ਹਾਂ (ਸ਼ਿਵਾਜ਼ੀ ਮਹਾਰਾਜ) ਦਾ ਨਾਮ ਲੈਂਦੇ ਹਨ ਪਰ ਉਹ ਉਨ੍ਹਾਂ ਦਾ ਸਤਿਕਾਰ ਨਹੀਂ ਕਰਦੇ।’’ ਮਹਿਲਾ ਕਾਂਗਰਸੀ ਆਗੂ ਨੇ ਕਿਹਾ ਕਿ ਮੁੰਬਈ ਦੇ ਅਰਬ ਸਾਗਰ ਤੱਟ ’ਤੇ ਸ਼ਿਵਾਜ਼ੀ ਮਹਾਰਾਜ ਦੀ ਪ੍ਰਸਤਾਵਿਤ ਯਾਦਗਾਰ ਦੇ ਅਸਪੱਸ਼ਟ ਹਵਾਲੇ ਨਾਲ ਕਿਹਾ ਕਿ ਪ੍ਰਧਾਨ ਮੰਤਰੀ ਨੇ ਛਤਰਪਤੀ ਸ਼ਿਵਾਜ਼ੀ ਮਹਾਰਾਜ ਦੇ ਬੁੱਤ ਦਾ ਨੀਂਹ ਪੱਥਰ ਰੱਖਿਆ ਸੀ ਪਰ ਬਾਅਦ ਵਿੱਚ ਕੰਮ ਰੋਕ ਦਿੱਤਾ ਗਿਆ। -ਪੀਟੀਆਈ