ਨਵੀਂ ਦਿੱਲੀ, 21 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ‘ਕੌਮਾਂਤਰੀ ਯੋਗ ਦਿਵਸ’ ਮੌਕੇ ਕਿਹਾ ਕਿ ਸੰਸਾਰ ਹੁਣ ਪਹਿਲਾਂ ਨਾਲੋਂ ਵੱਧ ਯੋਗ ਦੀ ਅਹਿਮੀਅਤ ਨੂੰ ਸਮਝ ਰਿਹਾ ਹੈ। ਇਸ ਪੁਰਾਤਨ ਭਾਰਤੀ ਸਰੀਰਕ ਅਭਿਆਸ ਦੀ ਮਦਦ ਨਾਲ ਵਿਸ਼ਵ ਵਿਚ ਵੱਡੀ ਗਿਣਤੀ ਲੋਕਾਂ ਨੂੰ ਕੋਵਿਡ ਤੋਂ ਉੱਭਰਨ ਵਿਚ ਮਦਦ ਮਿਲੀ ਹੈ। ਕਰੋਨਾਵਾਇਰਸ ਖ਼ਾਸ ਤੌਰ ’ਤੇ ਸਾਹ ਪ੍ਰਣਾਲੀ ’ਤੇ ਹੱਲਾ ਬੋਲਦਾ ਹੈ ਤੇ ‘ਪ੍ਰਾਣਾਯਾਮ’ ਜਾਂ ਸਾਹ ਨਾਲ ਸਬੰਧਤ ਇਸ ਯੋਗ ਆਸਣ ਦੀ ਮਦਦ ਨਾਲ ਸਾਹ ਪ੍ਰਣਾਲੀ ਮਜ਼ਬੂਤ ਕਰਨ ’ਚ ਮਦਦ ਮਿਲਦੀ ਹੈ। ਪੂਰੇ ਭਾਰਤ ਵਿਚ ਅੱਜ ਯੋਗ ਦਿਵਸ ਇਲੈਕਟ੍ਰੌਨਿਕ ਤੇ ਡਿਜੀਟਲ ਮਾਧਿਅਮਾਂ ਰਾਹੀਂ ਉਤਸ਼ਾਹ ਨਾਲ ਮਨਾਇਆ ਗਿਆ। ਮੋਦੀ ਨੇ ਕਿਹਾ ਕਿ ਯੋਗ ‘ਏਕੇ’ ਨੂੰ ਬਲ ਬਖ਼ਸ਼ਣ ਵਾਲੀ ਤਾਕਤ ਵਜੋਂ ਉੱਭਰਿਆ ਹੈ ਤੇ ਕੋਈ ਪੱਖਪਾਤ ਨਹੀਂ ਕਰਦਾ। ਇਹ ਨਸਲ, ਰੰਗ, ਲਿੰਗ, ਵਿਸ਼ਵਾਸ ਤੇ ਕੌਮਾਂ ਤੋਂ ਉਪਰ ਹੈ। ਉਨ੍ਹਾਂ ਕਿਹਾ ਕਿ ਯੋਗ ਸਿਹਤਮੰਦ ਧਰਤੀ ਲਈ ਸਾਡੀ ਇੱਛਾ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਐਤਵਾਰ ਸੁਵੱਖਤੇ ਆਪਣੇ 15 ਮਿੰਟ ਦੇ ਭਾਸ਼ਣ ’ਚ ਮੋਦੀ ਨੇ ਕਿਹਾ ਕਿ ਜੇ ਸਰੀਰ ਦੀ ਬੀਮਾਰੀਆਂ ਨਾਲ ਸਿੱਝਣ ਦੀ ਸ਼ਕਤੀ ਮਜ਼ਬੂਤ ਹੈ ਤਾਂ ਕਰੋਨਾ ਨੂੰ ਸਹਿਜੇ ਹੀ ਹਰਾਇਆ ਜਾ ਸਕਦਾ ਹੈ। ਯੋਗ ਵਿਚ ਇਸ ਨੂੰ ਮਜ਼ਬੂਤ ਕਰਨ ਦੇ ਕਈ ਤਰੀਕੇ ਦੱਸੇ ਗਏ ਹਨ। ਮੋਦੀ ਨੇ ਕਿਹਾ ਕਿ ਯੋਗ ਨਾਲ ਮਾਨਸਿਕ ਤੇ ਭਾਵਨਾਤਮਕ ਸੰਤੁਲਨ ਵੀ ਕਾਇਮ ਰਹਿੰਦਾ ਹੈ। -ਪੀਟੀਆਈ