ਨਵੀਂ ਦਿੱਲੀ, 2 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡਿਜੀਟਲ ਅਦਾਇਗੀ ਸੁਖਾਲੀ ਬਣਾਉਣ ਦੇ ਮਕਸਦ ਨਾਲ ਅੱਜ ‘ਈ-ਰੂਪੀ’ ਵਾਊਚਰ ਲਾਂਚ ਕੀਤਾ ਹੈ। ਲੋਕਾਂ ਦੇ ਖਾਤਿਆਂ ’ਚ ਸਿੱਧੇ ਪੈਸੇ ਪਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਇਹ ਉਪਰਾਲਾ ਕੀਤਾ ਗਿਆ ਹੈ। ਇਸ ਨਾਲ ਕੈਸ਼ਲੈਸ ਅਤੇ ਸੰਪਰਕ ਰਹਿਤ ਅਦਾਇਗੀ ਹੋ ਸਕੇਗੀ। ਈ-ਰੂਪੀ ਦੀ ਸਹੂਲਤ ਸਭ ਤੋਂ ਪਹਿਲਾਂ ਸਿਹਤ ਸੇਵਾਵਾਂ ਲਈ ਸ਼ੁਰੂ ਕੀਤੀ ਗਈ ਹੈ ਅਤੇ ਇਸ ਦਾ ਹੋਰ ਸੇਵਾਵਾਂ ਲਈ ਬਾਅਦ ’ਚ ਵਿਸਥਾਰ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਈ-ਰੂਪੀ ਵਾਊਚਰ ਲਾਂਚ ਕਰਦਿਆਂ ਕਿਹਾ ਕਿ ਇਹ ਡਿਜੀਟਲ ਲੈਣ-ਦੇਣ ’ਚ ਵੱਡੀ ਭੂਮਿਕਾ ਨਿਭਾਏਗਾ ਅਤੇ ਲੋਕਾਂ ਦੇ ਖਾਤਿਆਂ ’ਚ ਸਿੱਧੇ ਲਾਭ ਹੋਰ ਢੁੱਕਵੇਂ ਢੰਗ ਨਾਲ ਤਬਦੀਲ ਹੋ ਸਕਣਗੇ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਸਰਕਾਰ ਸਗੋਂ ਕੋਈ ਵੀ ਆਮ ਜਥੇਬੰਦੀ ਜੇਕਰ ਕਿਸੇ ਦੇ ਇਲਾਜ, ਪੜ੍ਹਾਈ ਜਾਂ ਹੋਰ ਕਿਸੇ ਕੰਮ ’ਚ ਸਹਾਇਤਾ ਕਰਨਾ ਚਾਹੁੰਦੀ ਹੈ ਤਾਂ ਉਹ ਨਕਦੀ ਦੇਣ ਦੀ ਬਜਾਏ ਈ-ਰੂਪੀ ਨਾਲ ਸਹਾਇਤਾ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਯਕੀਨੀ ਬਣੇਗਾ ਕਿ ਜਿਹੜੇ ਕੰਮ ਲਈ ਪੈਸਾ ਦਿੱਤਾ ਗਿਆ ਹੈ, ਉਸ ਲਈ ਹੀ ਇਹ ਰਕਮ ਖ਼ਰਚੀ ਜਾਵੇਗੀ। ਈ-ਰੂਪੀ ਨੂੰ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ ਨੇ ਆਪਣੇ ਯੂਪੀਆਈ ਪਲੈਟਫਾਰਮ ’ਤੇ ਵਿੱਤੀ ਸੇਵਾਵਾਂ ਵਿਭਾਗ, ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਅਤੇ ਕੌਮੀ ਸਿਹਤ ਅਥਾਰਿਟੀ ਦੇ ਸਹਿਯੋਗ ਨਾਲ ਵਿਕਸਤ ਕੀਤਾ ਹੈ। -ਪੀਟੀਆਈ