ਨਵੀਂ ਦਿੱਲੀ, 5 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਾਤਾਵਰਨ ਦਿਵਸ ਦੇ ਮੌਕੇ ’ਤੇ ਭਾਰਤ ਵਾਸੀਆਂ ਨੂੰ ਧਰਤੀ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਬਿਹਤਰ ਥਾਂ ਬਣਾਉਣ ਲਈ ਸਮੂਹਿਕ ਕੋਸ਼ਿਸ਼ਾਂ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਟਵਿਟਰ ’ਤੇ ਲਿਖਿਆ, ‘ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ’ਤੇ ਅਸੀਂ ਜੀਵ ਵੰਨ ਸੁਵੰਨਤਾ ਦੀ ਰੱਖਿਆ ਦਾ ਆਪਣਾ ਅਹਿਦ ਦੁਹਰਾਉਂਦੇ ਹਾਂ। ਆਓ ਅਸੀਂ ਸਮੂਹਿਕ ਰੂਪ ਵਿੱਚ ਵਨਸਪਤੀਆਂ ਅਤੇ ਜੀਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰੀਏ, ਜਿਸ ਨਾਲ ਧਰਤੀ ਵੱਧ ਫੁੱਲ ਰਹੀ ਹੈ।’ ਉਨ੍ਹਾਂ ਲਿਖਿਆ, ‘ਕਾਸ਼ ਅਗਲੀਆਂ ਪੀੜ੍ਹੀਆਂ ਲਈ ਅਸੀਂ ਇਕ ਬਿਹਤਰ ਧਰਤੀ ਬਣਾ ਸਕੀਏ।’ ਮੋਦੀ ਨੇ ਹਾਲ ਹੀ ਵਿੱਚ ‘ਮਨ ਕੀ ਬਾਤ’ ਪ੍ਰੋਗਰਾਮ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ, ਜਿਸ ਵਿੱਚ ਉਨ੍ਹਾਂ ਵਿਸ਼ਵ ਵਾਤਾਵਰਨ ਦਿਵਸ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ, ਇਸ ਵਰ੍ਹੇ ਦਾ ਵਿਸ਼ਾ ਜੀਵ ਵੰਨ-ਸੁਵੰਨਤਾ ਹੈ ਅਤੇ ਅੱਜ ਦੇ ਹਾਲਾਤ ਵਿੱਚ ਖਾਸਤੌਰ ’ਤੇ ਇਹ ਤਰਕਸੰਗਤ ਵੀ ਹੈ। ਊਨ੍ਹਾਂ ਮੀਂਹ ਦੇ ਪਾਣੀ ਦੀ ਸੰਭਾਲ ਦੀ ਅਪੀਲ ਵੀ ਕੀਤੀ।