ਨਵੀਂ ਦਿੱਲੀ, 25 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਅਟਲ ਬਿਹਾਰੀ ਵਾਜਪਈ ਦੀ ਜੈਅੰਤੀ ’ਤੇ ਅੱਜ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਗਵਾਲੀਅਰ ’ਚ 1924 ’ਚ ਜਨਮੇ ਸ੍ਰੀ ਵਾਜਪਈ ਕਈ ਦਹਾਕਿਆਂ ਤੱਕ ਭਾਜਪਾ ਦਾ ਵੱਡਾ ਚਿਹਰਾ ਰਹੇ ਅਤੇ ਉਹ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਆਪਣੇ ਪੰਜ ਵਰ੍ਹਿਆਂ ਦਾ ਕਾਰਜਕਾਲ ਮੁਕੰਮਲ ਕੀਤਾ ਸੀ। ਸ੍ਰੀ ਮੋਦੀ ਨੇ ਟਵੀਟ ਕਰਕੇ ਕਿਹਾ,‘‘ਅਟਲ ਜੀ ਨੂੰ ਉਨ੍ਹਾਂ ਦੀ ਜੈਅੰਤੀ ’ਤੇ ਯਾਦ ਕਰਦਾ ਹਾਂ। ਅਸੀਂ ਉਨ੍ਹਾਂ ਵੱਲੋਂ ਮੁਲਕ ਦੀ ਸੇਵਾ ’ਚ ਪਾਏ ਗਏ ਯੋਗਦਾਨ ਤੋਂ ਪ੍ਰੇਰਣਾ ਲੈਂਦੇ ਹਾਂ। ਉਨ੍ਹਾਂ ਆਪਣਾ ਪੂਰਾ ਜੀਵਨ ਭਾਰਤ ਨੂੰ ਤਾਕਤਵਰ ਅਤੇ ਵਿਕਸਤ ਬਣਾਉਣ ’ਚ ਲਗਾ ਦਿੱਤਾ ਸੀ। ਉਨ੍ਹਾਂ ਦੀਆਂ ਵਿਕਾਸ ਯੋਜਨਾਵਾਂ ਨੇ ਲੱਖਾਂ ਭਾਰਤੀਆਂ ਨੂੰ ਪ੍ਰਭਾਵਿਤ ਕੀਤਾ।’’ ਪ੍ਰਧਾਨ ਮੰਤਰੀ ਨੇ ਸ੍ਰੀ ਵਾਜਪਈ ਦੀ ਯਾਦਗਾਰ ‘ਸਦੈਵ ਅਟਲ’ ਦਾ ਦੌਰਾ ਕਰਕੇ ਉਥੇ ਸ਼ਰਧਾਂਜਲੀ ਵੀ ਦਿੱਤੀ। ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਅਤੇ ਅਮਿਤ ਸ਼ਾਹ ਸਮੇਤ ਪਾਰਟੀ ਪ੍ਰਧਾਨ ਜੇ ਪੀ ਨੱਢਾ ਨੇ ਵੀ ਸ੍ਰੀ ਵਾਜਪਈ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। -ਪੀਟੀਆਈ
ਮੋਦੀ ਵੱਲੋਂ ਕ੍ਰਿਸਮਸ ਦੀ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਲੋਕਾਂ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਤੇ ਕਿਹਾ ਕਿ ਇਸ ਮੌਕੇ ਸਾਰੇ ਪ੍ਰਭੂ ਯਿਸ਼ੂ ਮਸੀਹ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਯਾਦ ਕਰਦੇ ਹਨ। ਪ੍ਰਧਾਨ ਮੰਤਰੀ ਨੇ ਇੱਕ ਟਵੀਟ ’ਚ ਕਿਹਾ, ‘ਕ੍ਰਿਸਮਸ ਮੌਕੇ ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਅਸੀਂ ਯਿਸ਼ੂ ਮਸੀਹ ਦੇ ਜੀਵਨ ਤੇ ਆਦਰਸ਼ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ’ਚ ਸੇਵਾ, ਦਿਆਲਤਾ ਤੇ ਨਿਰਮਾਣਤਾ ’ਤੇ ਸਭ ਤੋਂ ਵੱਧ ਜ਼ੋਰ ਦਿੱਤਾ ਗਿਆ ਹੈ। ਮੈਂ ਸਾਰਿਆਂ ਦੇ ਤੰਦਰੁਸਤ ਤੇ ਖੁਸ਼ਹਾਲ ਜੀਵਨ ਦੀ ਕਾਮਨਾ ਕਰਦਾ ਹਾਂ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਰੀ ਦੁਨੀਆਂ ’ਚ ਸਦਭਾਵਨਾ ਬਣੀ ਰਹੀ।’ -ਪੀਟੀਆਈ