* ‘ਰੇਲ ਫੋਰਸ ਵਨ’ ਟਰੇਨ ਰਾਹੀਂ ਅੱਜ ਕੀਵ ਪੁੱਜਣਗੇ
ਅਜੈ ਬੈਨਰਜੀ/ਏਜੰਸੀਆਂ
ਨਵੀਂ ਦਿੱਲੀ, 21 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿੱਤੇ ਵਿਚ ਅਮਨ ਤੇ ਸਥਿਰਤਾ ਦੀ ਵਾਪਸੀ ਦੀ ਆਸ ਨਾਲ ਪੋਲੈਂਡ ਤੇ ਯੂਕਰੇਨ ਦੀ ਤਿੰਨ ਰੋਜ਼ਾ ਫੇਰੀ ਲਈ ਅੱਜ ਵਾਰਸਾ ਪਹੁੰਚ ਗਏ ਹਨ। ਯੂਕਰੇਨ ਤੇ ਰੂਸ ਪਿਛਲੇ ਦੋ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਜੰਗ ਦੇ ਮੈਦਾਨ ਵਿਚ ਇਕ ਦੂਜੇ ਖਿਲਾਫ਼ ਡਟੇ ਹੋਏ ਹਨ। ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਦੇ ਸੱਦੇ ’ਤੇ 23 ਅਗਸਤ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਜਾ ਰਹੇ ਸ੍ਰੀ ਮੋਦੀ ਨੇ ਕਿਹਾ, ‘‘ਮੈਨੂੰ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨਾਲ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਰੂਸ ਨਾਲ ਚੱਲ ਰਹੇ ਸੰਘਰਸ਼ ਦੇ ਸ਼ਾਂਤੀਪੂਰਨ ਹੱਲ ਬਾਰੇ ਦ੍ਰਿਸ਼ਟੀਕੋਣ ਸਾਂਝਿਆਂ ਕਰਨ ਦੇ ਮੌਕੇ ਦੀ ਬੇਸਬਰੀ ਨਾਲ ਉਡੀਕ ਹੈ।’’ ਉਨ੍ਹਾਂ ਕਿਹਾ, ‘‘ਇਕ ਦੋਸਤ ਤੇ ਭਾਈਵਾਲ ਵਜੋਂ, ਅਸੀਂ ਖਿੱਤੇ ਵਿਚ ਸ਼ਾਂਤੀ ਤੇ ਸਥਿਰਤਾ ਦੀ ਅਗਾਊਂ ਵਾਪਸੀ ਦੀ ਆਸ ਕਰਦੇ ਹਾਂ।’’
ਯੂਕਰੇਨ ਦੇ 1991 ਵਿਚ ਸੋਵੀਅਤ ਯੂਨੀਅਨ (ਸਾਂਝੇ ਰੂਸ) ਨਾਲੋਂ ਵੱਖ ਹੋ ਕੇ ਆਜ਼ਾਦ ਮੁਲਕ ਬਣਨ ਤੇ 1992 ਵਿਚ ਕੂਟਨੀਤਕ ਰਿਸ਼ਤੇ ਸਥਾਪਿਤ ਹੋਣ ਮਗਰੋਂ ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਲੇਠੀ (ਯੂਕਰੇਨ) ਫੇਰੀ ਹੋਵੇਗੀ। ਸ੍ਰੀ ਮੋਦੀ ਪੋਲੈਂਡ ਤੋਂ ਕੀਵ ਦਾ ਸਫ਼ਰ ‘ਰੇਲ ਫੋਰਸ ਵਨ’ ਟਰੇਨ ਉੱਤੇ ਕਰਨਗੇ ਤੇ ਇਹ ਫਾਸਲਾ 10 ਘੰਟਿਆਂ ਵਿਚ ਤੈਅ ਕੀਤਾ ਜਾਵੇਗਾ। ਵਾਪਸੀ ਦਾ ਸਫ਼ਰ ਵੀ ਏਨੇ ਘੰਟਿਆਂ ਦਾ ਹੀ ਹੋਵੇਗਾ। ਕਾਬਿਲੇਗੌਰ ਹੈ ਕਿ ਸ੍ਰੀ ਮੋਦੀ ਕੀਵ ਦੌਰੇ ਤੋਂ 6 ਹਫ਼ਤੇ ਪਹਿਲਾਂ (8 ਤੇ 9 ਜੁਲਾਈ ਨੂੰ) ਮਾਸਕੋ ਗਏ ਸਨ, ਜਿਸ ਦਾ ਅਮਰੀਕਾ ਤੇ ਉਸ ਦੇ ਕੁਝ ਪੱਛਮੀ ਭਾਈਵਾਲਾਂ ਨੇ ਵਿਰੋਧ ਕੀਤਾ ਸੀ।
ਦੋ-ਰੋਜ਼ਾ ਫੇਰੀ ਲਈ ਵਾਰਸਾ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਪਲੇਠੀ ਪੋੋਲੈਂਡ ਫੇਰੀ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਰਿਸ਼ਤਿਆਂ ਨੂੰ ਰਫ਼ਤਾਰ ਦੇਣ ਦੇ ਨਾਲ ਭਾਰਤ-ਪੋਲੈਂਡ ਦੇ ਲੋਕਾਂ ਲਈ ਲਾਭਕਾਰੀ ਹੋਵੇਗੀ। ਸ੍ਰੀ ਮੋਦੀ ਦੋ ਮੁਲਕਾਂ ਦੀ ਫੇਰੀ ਦੇ ਪਹਿਲੇ ਪੜਾਅ ਤਹਿਤ ਇਥੇ ਪੁੱਜੇ ਹਨ ਤੇ ਉਹ 23 ਅਗਸਤ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਜਾਣਗੇ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ, ‘‘ਹਵਾਈ ਅੱਡੇ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਸਵਾਗਤ ਕੀਤਾ ਗਿਆ।’’ ਸ੍ਰੀ ਮੋਦੀ ਨੇ ਜਾਮ ਸਾਹਿਬ ਆਫ ਨਵਾਨਗਰ, ਬੈਟਲ ਆਫ਼ ਮੌਂਟੇ ਕੈਸੀਨੋ ਤੇ ਕੋਲ੍ਹਾਪੁਰ ਸਮਾਰਕਾਂ ’ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਪੋਲੈਂਡ ਵਿਚ ਭਾਰਤ ਦੀ ਰਾਜਦੂਤ ਨਗ਼ਮਾ ਮੁਹੰਮਦ ਮਲਿਕ ਨੇ ਕਿਹਾ ਕਿ ਸ੍ਰੀ ਮੋਦੀ ਇਨ੍ਹਾਂ ਤਿੰਨਾਂ ਸਮਾਰਕਾਂ ’ਤੇ ਸ਼ਰਧਾਂਜਲੀ ਭੇਟ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਵਾਰਸਾ ਦੇ ਫੌਜੀ ਹਵਾਈ ਅੱਡੇ ’ਤੇੇ ਪੁੱਜਣ ਤੋਂ ਫੌਰੀ ਮਗਰੋਂ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਪੋਲੈਂਡ ਲੈਂਡ ਕਰ ਗਏ ਹਾਂ। ਇਥੇ ਵੱਖ ਵੱਖ ਪ੍ਰੋਗਰਾਮਾਂ ਲਈ ਬਹੁਤ ਉਤਸੁਕ ਹਾਂ। ਇਹ ਫੇਰੀ ਭਾਰਤ-ਪੋਲੈਂਡ ਦੋਸਤੀ ਨੂੰ ਰਫ਼ਤਾਰ ਦੇਵੇਗੀ ਤੇ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।’
ਪੋਲੈਂਡ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਹੋਟਲ ਵਿਚ ਨਿੱਘਾ ਸਵਾਗਤ ਕੀਤਾ। ਭਾਰਤੀ ਕਲਾਕਾਰਾਂ ਨੇ ਗੁਜਰਾਤ ਨਾਲ ਸਬੰਧਤ ਸਭਿਆਚਾਰਕ ਨ੍ਰਿਤ ਪੇਸ਼ ਕੀਤਾ। ਸ੍ਰੀ ਮੋਦੀ ਨੇ ਐਕਸ ’ਤੇ ਕਿਹਾ, ‘‘ਪੋਲੈਂਡ ਵਿਚ ਭਾਰਤੀ ਭਾਈਚਾਰੇ ਵੱਲੋਂ ਕੀਤਾ ਨਿੱਘਾ ਸਵਾਗਤ ਦਿਲ ਨੂੰ ਛੂਹ ਗਿਆ। ਉਨ੍ਹਾਂ ਦੀ ਊਰਜਾ ਦੋਵਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਾਂਝ ਨੂੰ ਸਾਕਾਰ ਕਰਦੀ ਹੈ।’’ ਉਧਰ ਪੋਲੈਂਡ ਵਿਚ ਭਾਰਤ ਦੀ ਸਫ਼ੀਰ ਨਗ਼ਮਾ ਮੁਹੰਮਦ ਮਲਿਕ ਨੇ ਪੀਟੀਆਈ ਵੀਡੀਓਜ਼ ਨੂੰ ਦੱਸਿਆ, ‘‘ਸ੍ਰੀ ਮੋਦੀ ਪੋਲਿਸ਼ ਲੀਡਰਸ਼ਿਪ ਨਾਲ ਜਿਹੜੀ ਗੱਲਬਾਤ ਕਰਨਗੇ ਉਸ ਨਾਲ ਦੋਵਾਂ ਧਿਰਾਂ ਨੂੰ ਸਿਖਰਲੇ ਪੱਧਰ ’ਤੇ ਵੱਖ ਵੱਖ ਮੁੱਦਿਆਂ ਉੱਤੇ ਵਿਚਾਰ ਚਰਚਾ ਦਾ ਮੌਕਾ ਮਿਲੇਗਾ ਅਤੇ ਅਜਿਹੀ ਵਿਸਥਾਰਤ ਚਰਚਾ ਪਿਛਲੇ ਕੁਝ ਅਰਸੇ ਦੌਰਾਨ ਨਹੀਂ ਹੋਈ। ਲਿਹਾਜ਼ਾ ਇਹ ਵਿਚਾਰਾਂ ਦਾ ਲਾਹੇਵੰਦ ਅਦਾਨ ਪ੍ਰਦਾਨ ਹੋਵੇਗਾ।’’ ਮਲਿਕ ਨੇ ਕਿਹਾ ਕਿ ਪੋਲੈਂਡ ਯੂਰਪੀ ਯੂਨੀਅਨ ਦਾ ਅਹਿਮ ਮੈਂਬਰ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰੀ ਯੂਰਪ ਦਾ ਸਭ ਤੋਂ ਵੱਡਾ ਤੇ ਸਭ ਤੋਂ ਸਫਲ ਅਰਥਚਾਰਾ ਹੈ।
ਪੋਲੈਂਡ ਦੀ 45 ਸਾਲਾਂ ’ਚ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਫੇਰੀ
ਪ੍ਰਧਾਨ ਮੰਤਰੀ ਨੇ ਮਗਰੋਂ ਭਾਰਤੀ ਭਾਈਚਾਰੇ ਨੂੰ ਵੀ ਸੰਬੋਧਨ ਕੀਤਾ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਵੱਲੋਂ 45 ਸਾਲਾਂ ਵਿਚ ਪੋਲੈਂਡ ਦੀ ਪਲੇਠੀ ਫੇਰੀ ਹੈ। ਪੋਲੈਂਡ ਵਿਚ ਠਹਿਰ ਦੌਰਾਨ ਸ੍ਰੀ ਮੋਦੀ ਰਾਸ਼ਟਰਪਤੀ ਆਂਦਰੇਜ਼ ਸੇਬੈਸਤੀਅਨ ਡੁਡਾ ਨੂੰ ਮਿਲਣਗੇ ਤੇ ਆਪਣੇ ਪੋਲਿਸ਼ ਹਮਰੁਤਬਾ ਡੋਨਲਡ ਟਸਕ ਨਾਲ ਦੁਵੱਲੀ ਗੱਲਬਾਤ ਕਰਨਗੇ। ਵਾਰਸਾ ਦਾ ‘ਜਾਮ ਸਾਹਿਬ ਆਫ਼ ਨਵਾਨਗਰ’ ਸਮਾਰਕ ਨਵਾਨਗਰ (ਜਿਸ ਨੂੰ ਹੁਣ ਗੁਜਰਾਤ ਦੇ ਜਾਮਨਗਰ ਵਜੋਂ ਜਾਣਿਆ ਜਾਂਦਾ ਹੈ) ਦੇ ਸਾਬਕਾ ਮਹਾਰਾਜਾ ਜਾਮ ਸਾਹਿਬ ਦਿਗਵਿਜੈਸਿੰਹਜੀ ਰਣਜੀਤਸਿੰਹਜੀ ਨੂੰ ਸਮਰਪਿਤ ਹੈ। ਉਨ੍ਹਾਂ ਨੂੰ ਦੂਜੀ ਆਲਮੀ ਜੰਗ (1939-45) ਦੌਰਾਨ ਕੀਤੇ ਮਾਨਵੀ ਯਤਨਾਂ ਲਈ ਯਾਦ ਕੀਤਾ ਜਾਂਦਾ ਹੈ। ਜਾਮ ਸਾਹਿਬ ਨੇ ਹਿਟਲਰ ਦੀ ਫੌਜ ਦੇ ਕਹਿਰ ਤੋਂ ਬਚ ਕੇ ਆਏ ਪੋਲਿਸ਼-ਯਹੂਦੀ ਬੱਚਿਆਂ ਨੂੰ ਸ਼ਰਨ ਦਿੱਤੀ ਸੀ। ਉਨ੍ਹਾਂ ਜੰਗ ਦੌਰਾਨ 5000 ਤੋਂ ਵੱਧ ਬੱਚਿਆਂ ਦੀ ਸੰਭਾਲ ਕੀਤੀ ਸੀ।