ਵਾਇਨਾਡ, 2 ਜੁਲਾਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਐਂਪਲਾਇਮੈਂਟ ਗਾਰੰਟੀ ਐਕਟ ਨੇ ਕੋਵਿਡ-19 ਦੇ ਸਮੇਂ ਦੌਰਾਨ ਲੱਖਾਂ ਭਾਰਤੀਆਂ ਨੂੰ ਰਾਹਤ ਦਿੱਤੀ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂਪੀਏ ਸਰਕਾਰ ਵੱਲੋਂ ਲਾਗੂ ਯੋਜਨਾ ਨੂੰ ਅਣਗੌਲਿਆ ਕਰ ਰਹੇ ਹਨ। ਸ੍ਰੀ ਮੋਦੀ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਇਸ ਯੋਜਨਾ ਦੀ ਗਹਿਰਾਈ ਨੂੰ ਨਹੀਂ ਸਮਝ ਸਕੇ। ਵਾਇਨਾਡ ਦੇ ਸੰਸਦ ਮੈਂਬਰ ਨੇ ਕਿਹਾ ਕਿ ਨੋਟਬੰਦੀ ਅਤੇ ਜੀਐੱਸਟੀ ਨੂੰ ਗਲਤ ਢੰਗ ਨਾਲ ਲਾਗੂ ਕਰਕੇ ਮੁਲਕ ਦਾ ਅਰਥਚਾਰਾ ਨਿਘਾਰ ਵੱਲ ਚਲਾ ਗਿਆ ਪਰ ਮਗਨਰੇਗਾ ਨੇ ਆਮ ਲੋਕਾਂ ਦੀ ਰੋਜ਼ੀ-ਰੋਟੀ ਦੀ ਰਾਖੀ ’ਚ ਅਹਿਮ ਭੂਮਿਕਾ ਨਿਭਾਈ। ਨੇਨਮੇਨੀ ’ਚ ਮਗਨਰੇਗਾ ਵਾਲੰਟੀਅਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਕੋਵਿਡ ਦੌਰਾਨ ਜਦੋਂ ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਸਨ ਤਾਂ ਮਗਨਰੇਗਾ ਨੇ ਉਨ੍ਹਾਂ ਨੂੰ ਬਚਾਇਆ। ਪ੍ਰਧਾਨ ਮੰਤਰੀ ਨੇ ਉਸ ਸਮੇਂ ਮਗਨਰੇਗਾ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਤੇ ਹੁਣ ਤਾਂ ਉਹ ਇਸ ਦਾ ਕੋਈ ਜ਼ਿਕਰ ਹੀ ਨਹੀਂ ਕਰਦੇ ਹਨ।’’ -ਪੀਟੀਆਈ
ਰਾਹੁਲ ਦੇ ਵੀਡੀਓ ’ਤੇ ਝੂਠ ਫੈਲਾਉਣ ਲਈ ਭਾਜਪਾ ਮੁਆਫ਼ੀ ਮੰਗੇ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਰਾਹੁਲ ਗਾਂਧੀ ਨਾਲ ਜੁੜੇ ਇਕ ਵੀਡੀਓ ਨੂੰ ਭਾਜਪਾ ਦੇ ਕੁਝ ਆਗੂਆਂ ਵੱਲੋਂ ਸੋਸ਼ਲ ਮੀਡੀਆ ’ਤੇ ਸਾਂਝਾ ਕੀਤੇ ਜਾਣ ਤੋਂ ਬਾਅਦ ਕਿਹਾ ਹੈ ਕਿ ਇਹ ਵੀਡੀਓ ‘ਫਰਜ਼ੀ ਖ਼ਬਰ’ ਵਜੋਂ ਫੈਲਾਇਆ ਗਿਆ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੂੰ ਚਿੱਠੀ ਲਿਖ ਕੇ ਕਿਹਾ ਕਿ ਉਹ ‘ਝੂਠ’ ਫੈਲਾਉਣ ਲਈ ਆਪਣੇ ਆਗੂਆਂ ਤਰਫ਼ੋਂ ਮੁਆਫ਼ੀ ਮੰਗਣ। ਕਾਂਗਰਸ ਨੇ ਕਿਹਾ ਕਿ ਰਾਹੁਲ ਨੇ ਵਾਇਨਾਡ ’ਚ ਆਪਣੇ ਦਫ਼ਤਰ ’ਤੇ ਐੱਸਐੱਫਆਈ ਦੇ ਕਾਰਕੁਨਾਂ ਵੱਲੋਂ ਕੀਤੇ ਗਏ ਹਮਲੇ ਦੇ ਸਬੰਧ ’ਚ ਇਕ ਟਿੱਪਣੀ ਕੀਤੀ ਸੀ, ਜਿਸ ਨੂੰ ਇਕ ਚੈਨਲ ਨੇ ਉਦੈਪੁਰ ਦੀ ਘਟਨਾ ਨਾਲ ਜੋੜ ਕੇ ਪੇਸ਼ ਕੀਤਾ। ਰਾਹੁਲ ਨੇ ਇਸ ’ਤੇ ਟਵੀਟ ਕਰਦਿਆਂ ਕਿਹਾ ਕਿ ਕੂੜ ਪ੍ਰਚਾਰ ਅਤੇ ਝੂਠ ਹੀ ਭਾਜਪਾ-ਆਰਐੱਸਐੱਸ ਦੀ ਨੀਂਹ ਹੈ। -ਪੀਟੀਆਈ