ਨਵੀਂ ਦਿੱਲੀ/ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੇਦਾਰਨਾਥ ਧਾਮ ਵਿਕਾਸ ਅਤੇ ਪੁਨਰ-ਊਸਾਰੀ ਪ੍ਰਾਜੈਕਟ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਅਜਿਹੇ ਪ੍ਰਾਜੈਕਟ ਸਮੇਂ ਦੀ ਮਾਰ ਝੱਲਣ ਜੋਗੇ ਹੋਣ ਦੇ ਨਾਲ-ਨਾਲ ਵਾਤਾਵਰਨ ਪੱਖੀ ਵੀ ਹੋਣੇ ਚਾਹੀਦੇ ਹਨ। ਦੱਸਣਯੋਗ ਹੈ ਕਿ ਊਤਰਾਖੰਡ ਵਿੱਚ ਸਥਿਤ ਇਸ ਧਾਰਮਿਕ ਸਥਾਨ ਦੇ ਕੁਝ ਹਿੱਸੇ ਸਾਲ 2013 ਵਿੱਚ ਆਏ ਹੜ੍ਹਾਂ ਕਾਰਨ ਨੁਕਸਾਨੇ ਗਏ ਸਨ। ਸੂਬਾ ਸਰਕਾਰ ਦੇ ਸਿਖਰਲੇ ਆਗੂਆਂ, ਜਿਨ੍ਹਾਂ ਵਿੱਚ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਵੀ ਸ਼ਾਮਲ ਸਨ, ਤੇ ਅਧਿਕਾਰੀਆਂ ਨਾਲ ਵੀਡੀਓ ਲਿੰਕ ਜ਼ਰੀਏ ਚਰਚਾ ਕਰਦਿਆਂ ਮੋਦੀ ਨੇ ਪ੍ਰਾਜੈਕਟ ਦੇ ਕੰਮ ਵਿੱਚ ਤੇਜ਼ੀ ਲਿਆਊਣ ਲਈ ਆਖਿਆ। ਊਨ੍ਹਾਂ ਭਰੋਸਾ ਦਿੱਤਾ ਕਿ ਫੰਡਾਂ ਦੀ ਕੋਈ ਘਾਟ ਨਹੀਂ ਆਊਣ ਦਿੱਤੀ ਜਾਵੇਗੀ। ਕੇਦਾਰਨਾਥ ਵਿੱਚ ਪੁਨਰ-ਊਸਾਰੀ ਪ੍ਰਾਜੈਕਟ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨੇ 2017 ਵਿੱਚ ਰੱਖਿਆ ਸੀ। ਸਰਕਾਰੀ ਬਿਆਨ ਅਨੁਸਾਰ ਪ੍ਰਧਾਨ ਮੰਤਰੀ ਨੇ ਰਾਮਬਨ ਅਤੇ ਕੇਦਾਰਨਾਥ ਵਿਚਾਲੇ ਪੈਂਦੇ ਹੋਰ ਵਿਰਾਸਤੀ ਅਤੇ ਧਾਰਮਿਕ ਸਥਾਨਾਂ ਦੇ ‘ਹੋਰ ਵਿਕਾਸ’ ਲਈ ਨਿਰਦੇਸ਼ ਵੀ ਦਿੱਤੇ। ਮੋਦੀ ਨੇ ਕਿਹਾ ਕਿ ਮੰਦਰ ਨੇੜੇ ਬਣੀਆਂ ਸਮਾਧੀ ਗੁਫ਼ਾਵਾਂ ਨੂੰ ਸ਼ਰਧਾਲੂਆਂ ਲਈ ਹੋਰ ਵੀ ਆਕਰਸ਼ਿਤ ਬਣਾਇਆ ਜਾਵੇ। ਇਹ ਕੰਮ ਕੇਦਾਰਨਾਥ ਮੁੱਖ ਮੰਦਰ ਦੇ ਪੁਨਰਵਿਕਾਸ ਦੇ ਨਾਲ ਹੀ ਕੀਤਾ ਜਾਵੇ। -ਪੀਟੀਆਈ