ਨਵੀਂ ਦਿੱਲੀ, 15 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੰਗਦਾਨ ਨੂੰ ਮਹਾਦਾਨ ਦੱਸੇ ਜਾਣ ਤੋਂ ਪ੍ਰਭਾਵਿਤ ਹੋ ਕੇ ਗੁਰਦਾ ਦਾਨ ਕਰ ਕੇ ਇਕ ਵਿਅਕਤੀ ਨੂੰ ਨਵੀਂ ਜ਼ਿੰਦਗੀ ਦੇਣ ਵਾਲੀ ਕੋਲਕਾਤਾ ਦੀ ਮਾਨਸੀ ਹਲਦਰ (48) ਨੂੰ ਉਦੋਂ ਭਾਰੀ ਖੁਸ਼ੀ ਹੋਈ, ਜਦੋਂ ਪ੍ਰਧਾਨ ਮੰਤਰੀ ਨੇ ਉਸ ਦੇ ਕੰਮ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਹਲਦਰ ਨੂੰ ਪ੍ਰਸ਼ੰਸਾ ਪਤਰ ਭੇਜਿਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਹੈ ਕਿ ਉਸ ਦੀ ਇਸ ਸੇਵਾ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ। ਹਲਦਰ ਨੇ ਪ੍ਰਧਾਨ ਮੰਤਰੀ ਦਾ ਇਕ ਭਾਸ਼ਣ ਸੁਣਿਆ ਸੀ ਜਿਸ ਵਿੱਚ ਉਨ੍ਹਾਂ ਨੇ ਅੰਗਦਾਨ ਨੂੰ ਮਹਾਦਾਨ ਦੱਸਿਆ ਸੀ। ਇਸੇ ਤੋਂ ਪ੍ਰਭਾਵਿਤ ਹੋ ਕੇ ਉਸ ਨੇ 2014 ਵਿੱਚ ਆਪਣਾ ਇਕ ਗੁਰਦਾ ਇਕ ਲੋੜਵੰਦ ਨੂੰ ਦਾਨ ਕਰ ਦਿੱਤਾ ਸੀ। ਕੁਝ ਮਹੀਨੇ ਪਹਿਲਾਂ ਹਲਦਰ ਨੇ ਇਕ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਘਟਨਾ ਤੋਂ ਜਾਣੂ ਕਰਾਇਆ ਸੀ। -ਏਜੰਸੀ