ਨਵੀਂ ਦਿੱਲੀ, 24 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਸਮੇਤ ਕਈ ਕੇਂਦਰੀ ਮੰਤਰੀਆਂ ਤੇ ਪਾਰਟੀ ਆਗੂਆਂ ਨੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਅੱਜ ਪਹਿਲੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ। ਸ੍ਰੀ ਮੋਦੀ ਨੇ ਇਕ ਟਵੀਟ ਵਿੱਚ ਕਿਹਾ, ‘ਪਿਛਲੇ ਸਾਲ ਅੱਜ ਹੀ ਦੇ ਦਿਨ ਅਸੀਂ ਅਰੁਣ ਜੇਤਲੀ ਤੋਂ ਵਿੱਛੜ ਗਏ ਸੀ। ਮੈਨੂੰ ਆਪਣੇ ਦੋਸਤ ਦੀ ਬਹੁਤ ਯਾਦ ਆਉਂਦੀ ਹੈ। ਹਰ ਕੋਈ ਅਰੁਣ ਜੀ ਦੀ ਹਾਜ਼ਿਰ ਜਵਾਬੀ, ਬੁੱਧੀ, ਕਾਨੂੰਨੀ ਸਮਝ ਤੇ ਸ਼ਾਨਦਾਰ ਸ਼ਖ਼ਸੀਅਤ ਦਾ ਕਾਇਲ ਸੀ।’ ਜੇਤਲੀ ਦਾ ਲੰਮੀ ਬਿਮਾਰੀ ਮਗਰੋਂ 24 ਅਗਸਤ 2019 ਨੂੰ ਦੇਹਾਂਤ ਹੋ ਗਿਆ ਸੀ। ਪ੍ਰਧਾਨ ਮੰਤਰੀ ਨੇ ਟਵੀਟ ਨਾਲ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਪਿਛਲੇ ਸਾਲ ਜੇਤਲੀ ਦੀ ਯਾਦ ਵਿੱਚ ਕਰਵਾਈ ਸ਼ਰਧਾਂਜਲੀ ਸਭਾ ਵਿੱਚ ਦਿੱਤੇ ਆਪਣੇ ਭਾਸ਼ਣ ਦਾ ਵੀਡੀਓ ਵੀ ਸ਼ੇਅਰ ਕੀਤਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ੍ਰੀ ਜੇਤਲੀ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ।