ਅਲੀਗੜ੍ਹ, 9 ਫਰਵਰੀ
ਰਾਸ਼ਟਰੀ ਲੋਕ ਦਲ (ਆਰਐੱਲਡੀ) ਆਗੂ ਜੈਅੰਤ ਚੌਧਰੀ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਵੁਕ ਹੋਣ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਜੇ ਉਨ੍ਹਾਂ ਨੇ ਕੁੱਝ ਹੰਝੂ ਕਿਸਾਨ ਅੰਦੋਲਨ ਦੌਰਾਨ ਫੌਤ ਹੋਏ ਕਿਸਾਨਾਂ ਲਈ ਵਹਾਏ ਹੁੰਦੇ ਤਾਂ ਹਾਲਾਤ ਇੱਥੋਂ ਤੱਕ ਨਾ ਪਹੁੰਚਦੇ। ਉਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਵਿੱਚ ਇਗਲਾਸ ਨੇੜੇ ਕਿਸਾਨਾਂ ਦੀ ‘ਮਹਾਪੰਚਾਇਤ’ ਨੂੰ ਸੰਬੋਧਨ ਕਰਦਿਆਂ ਜੈਅੰਤ ਚੌਧਰੀ ਨੇ ਕਿਹਾ ਕਿ ਹੁਣ ਇਹ ਕਿਸਾਨਾਂ ਦਾ ਅੰਦੋਲਨ ਨਹੀਂ ਰਿਹਾ, ਸਗੋਂ ਲੋਕ ਅੰਦੋਲਨ ਬਣ ਗਿਆ ਹੈ, ਜੋ ਦਿਨੋ-ਦਿਨ ਤੇਜ਼ ਹੋ ਰਿਹਾ ਹੈ। ਹੁਣ ਇਹ ਪਿੱਛੇ ਨਹੀਂ ਮੁੜ ਸਕਦਾ। ਰਾਜ ਸਭਾ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਆਗੂ ਤੇ ਅਗਲੇ ਹਫ਼ਤੇ ਉਪਰਲੇ ਸਦਨ ਨੂੰ ਅਲਵਿਦਾ ਆਖ ਰਹੇ ਗ਼ੁਲਾਮ ਨਬੀ ਆਜ਼ਾਦ ਨਾਲ ਬਿਤਾਏ ਪਲਾਂ ਨੂੰ ਯਾਦ ਕਰਕੇ ਪ੍ਰਧਾਨ ਮੰਤਰੀ ਅੱਜ ਕਈ ਵਾਰ ਭਾਵੁਕ ਹੋਏ। ਮੋਦੀ ਦੀ ਤਕਰੀਰ ਦਾ ਜ਼ਿਕਰ ਕਰਦਿਆਂ ਚੌਧਰੀ ਨੇ ਕਿਹਾ, ‘‘ਜੇਕਰ ਪ੍ਰਧਾਨ ਮੰਤਰੀ ਨੇ ਕੁੱਝ ਹੰਝੂ ਕਿਸਾਨ ਅੰਦੋਲਨ ਦੌਰਾਨ ਵੱਡੀ ਗਿਣਤੀ ਜਾਨਾਂ ਗੁਆ ਚੁੱਕੇ ਕਿਸਾਨਾਂ ਲਈ ਵਹਾਏ ਹੁੰਦੇ ਤਾਂ ਸਥਿਤੀ ਇੱਥੋਂ ਤੱਕ ਨਾ ਪਹੁੰਚਦੀ।’’ ਉਨ੍ਹਾਂ ਕਿਹਾ ਕਿ ਉਹ ਖੇਤੀ ਖੇਤਰ ਵਿੱਚ ਸੁਧਾਰ ਅਤੇ ਆਧੁਨਿਕਤਾ ਦੇ ਖ਼ਿਲਾਫ਼ ਨਹੀਂ ਹਨ। ਉਨ੍ਹਾਂ ਕਿਹਾ, ‘‘ਹਰੇਕ ਖੇਤਰ ਵਿੱਚ ਸੁਧਾਰ ਦੀ ਲੋੜ ਹੈ, ਪਰ ਅਜਿਹੇ ਕਿਸੇ ਵੀ ਸੁਧਾਰ ਦਾ ਖ਼ਾਕਾ ਤਿਆਰ ਕਰਨ ਤੋਂ ਪਹਿਲਾਂ ਭਾਰਤ ਵਿੱਚ ਆਮ ਕਿਸਾਨ ਦੀ ਜੋਤ ਦੇ ਰਕਬੇ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਸੁਧਾਰ ਦਾ ਅਰਥ ਤਾਂ ਹੀ ਹੈ, ਜਦੋਂ ਕਿਸਾਨਾਂ ਨੂੰ ਜ਼ਮੀਨ ਤੋਂ ਫ਼ਾਇਦਾ ਮਿਲੇ।’’ –ਪੀਟੀਆਈ