ਜੈਪੁਰ, 30 ਜਨਵਰੀ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ਨਿਚਰਵਾਰ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਪ੍ਰਦਰਸ਼ਨਾਂ ਬਾਰੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੁਜ਼ਾਹਰਾਕਾਰੀ ਕਿਸਾਨਾਂ ਨਾਲ ਗੱਲਬਾਤ ਦਾ ਉਪਰਾਲਾ ਕਰਨਾ ਚਾਹੀਦੀ ਹੈ ਅਤੇ ਇਹ ‘ਵੱਕਾਰ ਦਾ ਮਸਲਾ’ ਨਹੀਂ ਹੋਣਾ ਚਾਹੀਦਾ ਕਿਉਂਕਿ ਜਮਹੂਰੀਅਤ ’ਚ ਫ਼ੈਸਲੇ ਕਈ ਵਾਰ ਬਦਲੇ ਜਾਂਦੇ ਹਨ। ਉਨ੍ਹਾਂ ਨੇ 26 ਜਨਵਰੀ ਨੂੰ ਹੋਈ ਹਿੰਸਾ ਦੀ ਨਿਆਂਇਕ ਜਾਂਚ ਦੀ ਮੰਗ ਵੀ ਕੀਤੀ ਅਤੇ ਕਿਹਾ ਕਿ ਮੁਜ਼ਾਹਰਿਆਂ ਦਾ ਲੰਬੇ ਸਮੇਂ ਤਕ ਚੱਲਦੇ ਰਹਿਣਾ ਦੇਸ਼ ਦੇ ਹਿੱਤ ਵਿੱਚ ਨਹੀਂ ਹੈ। ਸ੍ਰੀ ਗਹਿਲੋਤ ਨੇ ਕਿਹਾ, ‘ਮੈਂ ਸਮਝਦਾ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹਾਲੇ ਵੀ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਉਣ ਅਤੇ ਚਰਚਾ ਕਰਕੇ ਮਸਲੇ ਦਾ ਹੱਲ ਕੱਢਣ ਦਾ ਮੌਕਾ ਹੈ। ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਇਸ ’ਤੇ ਗੌਰ ਕਰਨਗੇ।’ -ਏਜੰਸੀ