ਚਰਨਜੀਤ ਭੁੱਲਰ
ਚੰਡੀਗੜ੍ਹ, 16 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਨਾਲ ਸਿੱਝਣ ਲਈ ਪੰਜਾਬ ਵਲੋਂ ਅਪਣਾਈ ਸੂਖਮ ਵਿਧੀ ਪਹੁੰਚ ਦੀ ਸ਼ਲਾਘਾ ਕਰਦਿਆਂ ਸੂਬੇ ਦੀ ਪਿੱਠ ਥਾਪੜੀ। ਊਨ੍ਹਾਂ ਹੋਰਨਾਂ ਸੂਬਿਆਂ ਨੂੰ ‘ਪੰਜਾਬ ਮਾਡਲ’ ਅਪਣਾਉਣ ਲਈ ਆਖਿਆ ਹੈ, ਜਿਸ ਤਹਿਤ ਸੂਬੇ ਨੇ ਮਹਾਮਾਰੀ ਠੱਲ੍ਹਣ ਲਈ ਸੂਖਮ ਪੱਧਰ ’ਤੇ ਕੰਟਰੋਲ ਕਰਨ ਅਤੇ ਘਰ-ਘਰ ਸਰਵੇਖਣ ਨੀਤੀ ਵਿਚ ਕਾਮਯਾਬੀ ਪਾਈ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਘਰ-ਘਰ ਜਾ ਕੇ ਨਿਗਰਾਨੀ ਲਈ ਇੱਕ ਵਿਸ਼ੇਸ਼ ਐਪ ਜਾਰੀ ਕੀਤੀ ਹੈ।
ਪ੍ਰਧਾਨ ਮੰਤਰੀ ਵੱਲੋਂ ਕੋਵਿਡ ਸਬੰਧੀ ਸੂਬਿਆਂ ਵੱਲੋਂ ਅਪਣਾਈ ਨੀਤੀ ਬਾਰੇ ਮੁੱਖ ਮੰਤਰੀਆਂ ਨਾਲ ਸ਼ੁਰੂ ਕੀਤੀ ਦੋ-ਰੋਜ਼ਾ ਵੀਡੀਓ ਕਾਨਫਰੰਸ ਦੌਰਾਨ ਅੱਜ ਪਹਿਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਗੱਲ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਕੋਵਿਡ ਦੀ ਸਥਿਤੀ ਅਤੇ ਇਸ ਨਾਲ ਸਿੱਝਣ ਲਈ ਅਪਣਾਈ ਵਿਧੀ ਤੋਂ ਜਾਣੂ ਕਰਾਇਆ। ਇਸ ਮਗਰੋਂ ਪ੍ਰਧਾਨ ਮੰਤਰੀ ਨੇ ਹੋਰਨਾਂ ਸੂਬਿਆਂ ਨੂੰ ਪੰਜਾਬ ਦੇ ਰਾਹ ’ਤੇ ਚੱਲਣ ਲਈ ਆਖਿਆ। ਮੀਟਿੰਗ ਦੌਰਾਨ ਮੋਦੀ ਅਤੇ ਕੈਪਟਨ ਦੇ ਸੁਰ ਤਾਲਮੇਲ ਵਾਲੇ ਰਹੇ। ਮੁੱਖ ਮੰਤਰੀ ਨੇ ਮੰਗ ਕੀਤੀ ਕਿ ਪੰਜਾਬ ਤੇ ਚੰਡੀਗੜ੍ਹ ਵਿਚਲੇ ਕੇਂਦਰੀ ਸੰਸਥਾਨਾਂ ਵਿਚ ਟੈਸਟਿੰਗ ਦੀ ਸਮਰੱਥਾ ਵਿਚ ਵਾਧਾ ਕੀਤਾ ਜਾਵੇ। ਉਨ੍ਹਾਂ ਸੁਝਾਅ ਦਿੱਤਾ ਕਿ ਮੁਲਕ ਦੀ ਅਰਥ-ਵਿਵਸਥਾ ਅਤੇ ਸਰਕਾਰਾਂ ’ਤੇ ਕੋਵਿਡ ਦੇ ਮਾਰੂ ਪ੍ਰਭਾਵਾਂ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਸਮੂਹ ਬਣਾਇਆ ਜਾਵੇ, ਜਿਸ ਵਿਚ ਕੁਝ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਕੀਤੇ ਜਾਣ। ਕੈਪਟਨ ਨੇ ਇਹ ਵੀ ਅਪੀਲ ਕੀਤੀ ਕਿ ਕੇਂਦਰ ਸਰਕਾਰ ਤਾਲਾਬੰਦੀ ਦੇ ਦੁਰਪ੍ਰਭਾਵਾਂ ਨਾਲ ਨਜਿੱਠਣ ਲਈ ਸੂਬਿਆਂ ਨਾਲ ਤਾਲਮੇਲ ਬਣਾ ਕੇ ਚੱਲੇ। ਉਨ੍ਹਾਂ ਕਿਹਾ ਕਿ ਕੋਵਿਡ ਦੀ ਲੰਬੇ ਸਮੇਂ ਲਈ ਮਾਰ ਹੋਣ ਕਰਕੇ ਕੇਂਦਰ ਤੇ ਰਾਜ ਸਰਕਾਰਾਂ ’ਚ ਆਪਸੀ ਸਹਿਯੋਗ ਜ਼ਰੂਰੀ ਹੈ। ਮੁੱਖ ਮੰਤਰੀ ਨੇ ਪੰਜਾਬ ਲਈ ਵਿੱਤੀ ਮਦਦ ਦੀ ਮੰਗ ਦੁਹਰਾਈ ਅਤੇ ਦੱਸਿਆ ਕਿ ਆਮਦਨ ਵਸੂਲੀ ਘਟਣ ਕਰਕੇ ਸੂਬੇ ’ਚ ਵਿੱਤੀ ਸੰਕਟ ਡੂੰਘਾ ਹੋ ਸਕਦਾ ਹੈ ਕਿਉਂਕਿ ਵੱਖ-ਵੱਖ ਵਸੀਲਿਆਂ ਤੋਂ ਆਮਦਨ ਵਸੂਲੀਆਂ ਵਿਚ 25 ਤੋਂ 30 ਹਜ਼ਾਰ ਕਰੋੜ ਰੁਪਏ ਦਾ ਘਾਟਾ ਪਿਆ ਹੈ। ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਜਾਣੂ ਕਰਾਇਆ ਕਿ ਸੂਬੇ ਵਿਚ ਬਾਹਰੋਂ ਆ ਰਹੇ ਲੋਕਾਂ ਕਰਕੇ ਕੋਵਿਡ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਟੈਸਟਿੰਗ ਦੇ ਵੇਰਵੇ ਵੀ ਸਾਂਝੇ ਕੀਤੇ ਅਤੇ ਪੰਜਾਬ ਸਰਕਾਰ ਵੱਲੋਂ ਕੋਵਿਡ ਰੋਕਣ ਲਈ ਕੀਤੀਆਂ ਤਿਆਰੀਆਂ ਬਾਰੇ ਦੱਸਿਆ।
ਅਰਥਚਾਰੇ ਵਿਚ ‘ਹਰਿਆਲੀ’ ਨਜ਼ਰ ਆਊਣ ਲੱਗੀ: ਮੋਦੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਕਾਰਨ ਕੀਤੀ ਤਾਲਾਬੰਦੀ ਤੋਂ ਊੱਭਰ ਰਹੇ ਮੁਲਕ ਦੇ ਅਰਥਚਾਰੇ ਵਿਚ ‘ਹਰਿਆਲੀ’ ਨਜ਼ਰ ਆਊਣ ਲੱਗੀ ਹੈ। ਊਨ੍ਹਾਂ ਦੇਸ਼ ਦੀ ਮਹਾਮਾਰੀ ਖ਼ਿਲਾਫ਼ ਜੰਗ ਨੂੰ ਸਹਿਕਾਰੀ ਸੰਘਵਾਦ ਦੀ ਬਿਹਤਰੀਨ ਮਿਸਾਲ ਦੱਸਿਆ, ਜਿੱਥੇ ਕੇਂਦਰ ਅਤੇ ਸੂਬੇ ਮਿਲ ਕੇ ਕੰਮ ਕਰ ਰਹੇ ਹਨ। ਦੇਸ਼ ਦੇ 21 ਸੂਬਿਆਂ ਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਊਪ-ਰਾਜਪਾਲਾਂ ਨਾਲ ਕੀਤੀ ਈ-ਬੈਠਕ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਹੁਣ ਤੱਕ ਮਿਲੀ ਸਫ਼ਲਤਾ ਨੂੰ ਇੱਕ ਢਿੱਲ ਖ਼ਤਮ ਕਰ ਸਕਦੀ ਹੈ। ਊਨ੍ਹਾਂ ਲੋਕਾਂ ਨੂੰ ਇਸ ਜਾਨਲੇਵਾ ਵਾਇਰਸ ਵਿਰੁੱਧ ਆਪਣੀ ਸੁਰੱਖਿਆ ਵਿੱਚ ਕੋਈ ਢਿੱਲ ਨਾ ਵਰਤਣ ਦੀ ਬੇਨਤੀ ਕੀਤੀ। ਊਨ੍ਹਾਂ ਕਿਹਾ ਕਿ ‘ਅਨਲੌਕ 1’ ਨੇ ਆਪਣੇ ਦੋ ਹਫ਼ਤੇ ਪੂਰੇ ਕਰਨ ਲਏ ਹਨ ਅਤੇ ਹੁਣ ਸਮਾਂ ਹੈ ਕਿ ਆਪਣੇ ਤਜਰਬਿਆਂ ’ਤੇ ਨਜ਼ਰਸਾਨੀ ਕੀਤੀ ਜਾਵੇ। ਮੋਦੀ ਨੇ ਕਿਹਾ ਕਿ ਕਿਸੇ ਵੀ ਸੰਕਟ ਨਾਲ ਨਜਿੱਠਣ ਲਈ ‘ਸਮੇਂ ਸਿਰ’ ਫ਼ੈਸਲਾ ਲੈਣਾ ਬਹੁਤ ਜ਼ਰੂਰੀ ਹੁੰਦਾ ਹੈ ਅਤੇ ਸਮੇਂ ਸਿਰ ਲਏ ਫ਼ੈਸਲਿਆਂ ਕਾਰਨ ਦੇਸ਼ ਵਿੱਚ ਕਰੋਨਾਵਾਇਰਸ ਲਾਗ ਕਾਫੀ ਹੱਦ ਤੱਕ ਕਾਬੂ ਹੇਠ ਹੈ। ਊਨ੍ਹਾਂ ਕਿਹਾ ਕਿ ਜਦੋਂ ਕਈ ਮੁਲਕਾਂ ਵਿੱਚ ਕਰੋਨਾਵਾਇਰਸ ਬਾਰੇ ਚਰਚਾ ਵੀ ਨਹੀਂ ਹੋ ਰਹੀ ਸੀ, ਭਾਰਤ ਨੇ ਊਦੋਂ ਹੀ ਇਸ ਨਾਲ ਸਿੱਝਣ ਲਈ ਤਿਆਰੀਆਂ ਵਿੱਢ ਦਿੱਤੀਆਂ ਸਨ। ਅੱਜ ਦੀ ਵਰਚੁਅਲ ਬੈਠਕ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਤ੍ਰਿਪੁਰਾ ਦੇ ਬਿਪਲਭ ਕੁਮਾਰ ਦੇਬ, ਗੋਆ ਦੇ ਪ੍ਰਮੋਦ ਸਾਵੰਤ ਸਣੇ ਹੋਰਾਂ ਨੇ ਹਿੱਸਾ ਲਿਆ। ਬੈਠਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਸਿਹਤ ਮੰਤਰੀ ਹਰਸ਼ ਵਰਧਨ ਨੇ ਵੀ ਹਿੱਸਾ ਲਿਆ। -ਪੀਟੀਆਈ