ਨਵੀਂ ਦਿੱਲੀ, 27 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ ਬਰਸੀ ’ਤੇ ਸ਼ਰਧਾਂਜਲੀ ਭੇਟ ਕੀਤੀ। ਪੰਡਿਤ ਨਹਿਰੂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ ਅਗਸਤ 1947 ਤੋਂ ਮਈ 1964 ਤੱਕ ਦੇਸ਼ ਦੀ ਕਮਾਨ ਸੰਭਾਲੀ। 27 ਮਈ 1964 ਨੂੰ ਉਨ੍ਹਾਂ ਦੀ ਮੌਤ ਹੋ ਗਈ। ਸ੍ਰੀ ਮੋਦੀ ਨੇ ਟਵੀਟ ਕੀਤਾ, ‘ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ।’ ਇਸ ਦੌਰਾਨ ਕਾਂਗਰਸ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ ਬਰਸੀ ‘ਤੇ ਸ਼ਰਧਾਂਜਲੀ ਭੇਟ ਕੀਤੀ। ਪਾਰਟੀ ਨੇ ਆਧੁਨਿਕ ਭਾਰਤ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਵੀ ਯਾਦ ਕੀਤਾ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਈ ਹੋਰ ਸੀਨੀਅਰ ਨੇਤਾਵਾਂ ਨੇ ਸ਼ਾਂਤੀ ਵਨ ਵਿਖੇ ਨਹਿਰੂ ਦੀ ਸਮਾਧੀ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਨਹਿਰੂ ਨੂੰ ਯਾਦ ਕਰਦੇ ਹੋਏ, ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘ਉਨ੍ਹਾਂ ਦੀ ਮੌਤ ਤੋਂ 58 ਸਾਲ ਬਾਅਦ ਵੀ ਉਨ੍ਹਾਂ ਦੇ ਵਿਚਾਰ, ਰਾਜਨੀਤੀ ਅਤੇ ਸਾਡੇ ਦੇਸ਼ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਣ ਅੱਜ ਵੀ ਵਿਵਹਾਰਕ ਹੈ।’