ਨਵੀਂ ਦਿੱਲੀ, 7 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ। ਮੋਦੀ ਨੇ ਸਵੇਰੇ ਜ਼ੇਲੇਂਸਕੀ ਨਾਲ ਗੱਲਬਾਤ ਕੀਤੀ ਤੇ ਪੂਰਬੀ ਸ਼ਹਿਰ ਸੂਮੀ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਵਿੱਚ ਉਨ੍ਹਾਂ ਤੋਂ ਮਦਦ ਦੀ ਅਪੀਲ ਕੀਤੀ। ਇਹ ਗੱਲਬਾਤ ਲਗਪਗ 35 ਮਿੰਟ ਚੱਲੀ, ਜਿਸ ਵਿੱਚ ਦੋਨਾਂ ਆਗੂਆਂ ਨੇ ਪੂਰਬੀ ਯੂਰਪੀ ਮੁਲਕ ਯੂਕਰੇਨ ਦੇ ਮੌਜੂਦਾ ਹਾਲਾਤ ’ਤੇ ਚਰਚਾ ਕੀਤੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਮੀ ਵਿੱਚ ਹਾਲੇ ਵੀ 700 ਦੇ ਕਰੀਬ ਭਾਰਤੀ ਵਿਦਿਆਰਥੀ ਫਸੇ ਹੋਏ ਹਨ। ਪ੍ਰਧਾਨ ਮੰਤਰੀ ਨੇ ਯੂਕਰੇਨ ਸਰਕਾਰ ਵੱਲੋਂ ਕੀਤੀ ਜਾ ਰਹੀ ਮਦਦ ਲਈ ਜ਼ੇਲੇਂਸਕੀ ਦਾ ਧੰਨਵਾਦ ਕੀਤਾ ਤੇ ਮਦਦ ਜਾਰੀ ਰੱਖਣ ਦੀ ਅਪੀਲ ਕੀਤੀ।
ਬਾਅਦ ਦੁਪਹਿਰ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਯੂਕਰੇਨ ਦੇ ਹਾਲਾਤ ’ਤੇ ਚਰਚਾ ਕੀਤੀ। ਪੂਤਿਨ ਨੇ ਯੂਕਰੇਨ ਅਤੇ ਰੂਸੀ ਵਫ਼ਦ ਵਿਚਾਲੇ ਗੱਲਬਾਤ ਦੀ ਸਥਿਤੀ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਜਾਣੂ ਕਰਾਇਆ। ਮੋਦੀ ਨੇ ਪੂਤਿਨ ਤੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਉਨ੍ਹਾਂ ਗੋਲੀਬੰਦੀ, ਸੂਮੀ ਸਮੇਤ ਯੂਕਰੇਨ ਦੇ ਕੁਝ ਹਿੱਸਿਆ ਵਿੱਚ ਮਨੁੱਖੀ ਲਾਂਘੇ ਬਣਾਉਣ ਦੇ ਐਲਾਨ ਦੀ ਸ਼ਲਾਘਾ ਕੀਤੀ। ਰੂਸੀ ਰਾਸ਼ਟਰਪਤੀ ਨੇ ਯੂਕਰੇਨ ਦੇ ਸੂਮੀ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਵਿੱਚ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਹੈ।
ਮੋਦੀ ਦੀ ਪੂਤਿਨ ਅਤੇ ਜ਼ੇਲੇਂਸਕੀ ਵਿਚਾਲੇ ਗੱਲਬਾਤ ਅਜਿਹੇ ਸਮੇਂ ਵਿੱਚ ਹੋਈ ਹੈ, ਜਦੋਂ ਰੂਸ ਦੇ ਹਮਲੇ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਯੂਰਪੀ ਮੁਲਕ ਯੂਕਰੇਨ ਤੋਂ ਵਿਦਿਆਰਥੀਆਂ ਸਮੇਤ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਭਾਰਤ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਛਿੜਨ ਦੇ ਬਾਅਦ ਮੋਦੀ ਅਤੇ ਪੂਤਿਨ ਵਿਚਾਲੇ ਇਹ ਤੀਜੀ ਗੱਲਬਾਤ ਸੀ, ਜਦੋਂ ਜ਼ੇਲੇਂਸਕੀ ਨਾਲ ਉਨ੍ਹਾਂ ਦੀ ਇਹ ਦੂਜੀ ਗੱਲਬਾਤ ਸੀ। ਇਸ ਤੋਂ ਪਹਿਲਾਂ ਜੇਲੇਂਸਕੀ ਅਤੇ ਮੋਦੀ ਨੇ 26 ਜਨਵਰੀ ਨੂੰ ਫੋਨ ’ਤੇ ਗੱਲਬਾਤ ਕੀਤੀ ਸੀ। ਭਾਰਤ ਨੇ ਰੁੂਸ ਅਤੇ ਯੂਕਰੇਨ ਦੇ ਸਿਖਰਲੇ ਆਗੂਆਂ ਤੋਂ ਫੌਰੀ ਜੰਗ ਖ਼ਤਮ ਕਰਨ, ਗੱਲਬਾਤ ਅਤੇ ਕੂਟਨੀਤਕ ਤਰੀਕੇ ਨਾਲ ਵਖਰੇਵੇਂ ਦੂਰ ਕਰਨ ਦੀ ਅਪੀਲ ਕੀਤੀ ਹੈ। -ਏਜੰਸੀ