ਨਵੀਂ ਦਿੱਲੀ, 30 ਅਪਰੈਲ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ’ਚ ਬਿਜਲੀ ਸੰਕਟ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਰ੍ਹਦਿਆਂ ਸਵਾਲ ਕੀਤਾ ਕਿ ਉਹ ਇਸ ਮੁਹਾਜ਼ ’ਤੇ ਨਾਕਾਮ ਰਹਿਣ ਲਈ ਹੁਣ ਕਿਸ ਨੂੰ ਦੋਸ਼ੀ ਠਹਿਰਾਉਣਗੇ। ਉਨ੍ਹਾਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਮੋਦੀ ਹੁਣ ਇਸ ਬਿਜਲੀ ਸੰਕਟ ਲਈ ਸਾਬਕਾ ਮੁੱਖ ਮੰਤਰੀ ਜਵਾਹਰਲਾਲ ਨਹਿਰੂ, ਸੂਬਾ ਸਰਕਾਰਾਂ ਜਾਂ ਦੇਸ਼ ਦੇ ਲੋਕਾਂ ਨੂੰ ਦੋਸ਼ੀ ਠਹਿਰਾਉਣਗੇ। ਰਾਹੁਲ ਨੇ ਹਿੰਦੀ ’ਚ ਟਵੀਟ ਕਰਕੇ ਕਿਹਾ,‘‘ਪ੍ਰਧਾਨ ਮੰਤਰੀ ਦੇ ਵਾਅਦਿਆਂ ਅਤੇ ਇਰਾਦਿਆਂ ਵਿਚਕਾਰਲਾ ਤਾਰ ਹਮੇਸ਼ਾ ਹਮੇਸ਼ਾ ਤੋਂ ਹੀ ਕੱਟਿਆ ਹੋਇਆ ਹੈ। ਮੋਦੀਜੀ, ਇਸ ਬਿਜਲੀ ਸੰਕਟ ’ਚ ਤੁਸੀਂ ਆਪਣੀ ਨਾਕਾਮੀ ਲਈ ਕਿਸ ਨੂੰ ਦੋਸ਼ ਦੇਵੋਗੇ? ਨਹਿਰੂਜੀ ਜਾਂ ਸੂਬਿਆਂ ਜਾਂ ਲੋਕਾਂ ਨੂੰ?’’ ਉਨ੍ਹਾਂ ਪ੍ਰਧਾਨ ਮੰਤਰੀ ਵੱਲੋਂ 2015 ਅਤੇ 2017 ’ਚ ਪੂਰੇ ਦੇਸ਼ ’ਚ 24 ਘੰਟੇ ਬਿਜਲੀ ਦੇਣ ਅਤੇ ਕੋਲਾ ਸੰਕਟ ਦੂਰ ਕਰਨ ਦੇ ਵਾਅਦਿਆਂ ਵਾਲੇ ਭਾਸ਼ਨ ਵੀ ਨੱਥੀ ਕੀਤੇ ਹਨ। ਰਣਦੀਪ ਸੁਰਜੇਵਾਲਾ ਨੇ ਵੀ ਟਵੀਟ ਕੀਤਾ, ‘‘ਮੋਦੀਜੀ, ਬਿਜਲੀ ਘਰਾਂ ’ਚ ਕੋਲਾ ਨਹੀਂ ਹੈ…ਇਹ ਕੋਈ ਬ੍ਰੇਕਿੰਗ ਨਿਊਜ਼ ਨਹੀਂ ਸਗੋਂ ਹਰ ਦਿਨ ਅਤੇ ਹਰ ਪਲ ਦੀ ਖ਼ਬਰ ਹੈ। ਪੂਰੇ ਦੇਸ਼ ’ਚ ਤਿੱਖੀ ਗਰਮੀ ਵਿਚਕਾਰ ਭਿਆਨਕ ਬਿਜਲੀ ਕਟੌਤੀ ਨਾਲ ਹਾਹਾਕਾਰ ਮਚਿਆ ਹੋਇਆ ਹੈ। ਇਕ ਚੌਥਾਈ ਤੋਂ ਜ਼ਿਆਦਾ ਬਿਜਲੀ ਪਲਾਂਟ ਬੰਦ ਪਏ ਹਨ ਅਤੇ 700 ਤੋਂ ਵੱਧ ਟਰੇਨਾਂ ਰੱਦ ਹਨ।’’ ਉਧਰ ਸੀਨੀਅਰ ਆਗੂ ਪੀ ਚਿਦੰਬਰਮ ਨੇ ਕੇਂਦਰ ’ਤੇ ਤਨਜ਼ ਕਸਦਿਆਂ ਕਿਹਾ ਕਿ ਸਰਕਾਰ ਨੇ ਬਿਜਲੀ ਸੰਕਟ ਦਾ ਸਹੀ ਹੱਲ ਲੱਭ ਲਿਆ ਹੈ ਅਤੇ ਮੁਸਾਫ਼ਰ ਟਰੇਨਾਂ ਰੱਦ ਕਰਕੇ ਕੋਲੇ ਨਾਲ ਲੱਦੀਆਂ ਟਰੇਨਾਂ (ਮਾਲ ਗੱਡੀਆਂ) ਚਲਾਈਆਂ ਜਾਣਗੀਆਂ। -ਪੀਟੀਆਈ