ਨਵੀਂ ਦਿੱਲੀ, 9 ਜੂਨ
ਕਾਂਗਰਸ ਨੇ ਮਨੋਨੀਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਫ਼ਦਾਰੀ ਸਮਾਗਮ ਤੋਂ ਪਹਿਲਾਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅੱਜ ਸ਼ਾਮੀਂ ਉਹ ‘ਨਰਿੰਦਰ ਡਿਸਟ੍ਰਕਟਿਵ ਅਲਾਇੰਸ’ (ਐੱਨਡੀਏ) ਦੇ ਆਗੂ ਵਜੋਂ ਹਲਫ਼ ਲੈਣਗੇ, ਹਾਲਾਂਕਿ ਇਹ ਸਾਰੇ ਆਪਣੀ ਪ੍ਰਮਾਣਿਕਤਾ ਗੁਆ ਚੁੱਕੇ ਹਨ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ, ‘‘28 ਮਈ 2023 ਦਾ ਉਹ ਦਿਨ ਯਾਦ ਹੈ? ਜਦੋਂ ਨਰਿੰਦਰ ਮੋਦੀ ਸੇਂਘੋਲ ਨਾਲ ਨਵੇਂ ਸੰਸਦ ਭਵਨ ਵਿਚ ਆਏ ਸਨ ਤੇ ਜਿਸ ਲਈ 15 ਅਗਸਤ 1947 ਦਾ ਇਕ ਵੱਖਰਾ ਇਤਿਹਾਸ ਘੜਿਆ ਸੀ। ਅਸਲ ਵਿਚ ਉਹ ਸਭ ਕੁਝ ਨਾ ਸਿਰਫ਼ ਮੋਦੀ ਦੇ ਸਮਰਾਟ ਹੋਣ ਦੇ ਦਾਅਵੇ ਨੂੰ ਸਹੀ ਠਹਿਰਾਉਣ ਲਈ ਕੀਤਾ ਗਿਆ ਸੀ, ਬਲਕਿ ਤਾਮਿਲ ਵੋਟਰਾਂ ਨੂੰ ਅਪੀਲ ਕਰਨ ਲਈ ਵੀ ਹੋਇਆ ਸੀ।’’ ਰਮੇਸ਼ ਨੇ ਦਾਅਵਾ ਕੀਤਾ ਕਿ ਮੋਦੀ ਨੂੰ ਬਹੁਤ ਵੱਡੀ ਨਿੱਜੀ, ਸਿਆਸੀ ਤੇ ਨੈਤਿਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਨੂੰ ਉਸੇ ਸੰਵਿਧਾਨ ਨੇ ਝੁਕਣ ਲਈ ਮਜਬੂਰ ਕੀਤਾ ਹੈ, ਜਿਸ ਨੂੰ ਉਨ੍ਹਾਂ ਨੇ ਪਿਛਲੇ ਦਹਾਕੇ ਵਿਚ ਨਸ਼ਟ ਕੀਤਾ ਹੈ। ਉਨ੍ਹਾਂ ਕਿਹਾ, ‘‘ਪੂਰੀ ਤਰ੍ਹਾਂ ਨਾਲ ਕਮਜ਼ੋਰ ‘ਇਕ ਤਿਹਾਈ’ ਪ੍ਰਧਾਨ ਮੰਤਰੀ, ਜਿਨ੍ਹਾਂ ਕੋਲ ਹੁਣ ਕੋਈ ਪ੍ਰਮਾਣਿਕਤਾ ਨਹੀ ਹੈ, ਕਿਸੇ ਤਰ੍ਹਾਂ ਅੱਜ ਸ਼ਾਮੀਂ ਨਰਿੰਦਰ ਡਿਸਟ੍ਰਕਟਿਵ ਅਲਾਇੰਸ (ਐੱਨਡੀਏ) ਦੇ ਆਗੂ ਵਜੋਂ ਹਲਫ਼ ਲੈਣ ਵਿਚ ਸਫਲ ਰਹਿਣਗੇ।’’ -ਪੀਟੀਆਈ