ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਾਲਾਨਾ ਸਿਖਰ ਸੰਮੇਲਨ ਵਿੱਚ ਭਾਰਤੀ ਵਫ਼ਦ ਦੀ ਵਰਚੁਅਲੀ ਅਗਵਾਈ ਕਰਨਗੇ। 21ਵਾਂ ਐੱਸਸੀਓ ਸੰਮੇਲਨ ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ਵਿੱਚ 17 ਸਤੰਬਰ ਨੂੰ ਹੋ ਰਿਹਾ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਵੱਲੋਂ ਅੱਜ ਦਿੱਤੀ ਗਈ ਹੈ। ਇਸ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੀ ਐੱਸਸੀਓ ਮੀਟਿੰਗ ਲਈ ਦੁਸ਼ਾਂਬੇ ਜਾਣਗੇ। ਮੀਟਿੰਗ ਵਿੱਚ ਅਫ਼ਗਾਨਿਸਤਾਨ ਸੰਕਟ ਅਤੇ ਇਸ ਦੇ ਅੰਦਰੂਨੀ ਤੇ ਬਾਹਰੀ ਪ੍ਰਭਾਵਾਂ ਬਾਰੇ ਚਰਚਾ ਹੋਣ ਦੀ ਉਮੀਦ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, ‘‘ਦੇਸ਼ਾਂ ਦੇ ਮੁਖੀਆਂ ਦੀ ਐੱਸਸੀਓ ਕੌਂਸਲ ਦੀ 21ਵੀਂ ਮੀਟਿੰਗ ਤਾਜਿਕਿਸਤਾਨ ਦੇ ਰਾਸ਼ਟਰਪਤੀ ਇਮੋਮਲੀ ਰਹਿਮਾਨ ਦੀ ਪ੍ਰਧਾਨਗੀ ਵਿੱਚ 17 ਦਸੰਬਰ ਨੂੰ ਦੁਸ਼ਾਂਬੇ ਵਿੱਚ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤੀ ਵਫ਼ਦ ਦੀ ਅਗਵਾਈ ਕਰਨਗੇ ਅਤੇ ਵੀਡੀਓ ਲਿੰਕ ਰਾਹੀਂ ਸੰਮੇਲਨ ਦੇ ਪੂਰੇ ਸੈਸ਼ਨ ਨੂੰ ਸੰਬੋਧਨ ਕਰਨਗੇ।’’ ਬਿਆਨ ਵਿੱਚ ਕਿਹਾ ਗਿਆ, ‘‘ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੁਸ਼ਾਂਬੇ ਵਿੱਚ ਭਾਰਤ ਦੀ ਨੁਮਾਇੰਦਗੀ ਕਰਨਗੇ।’’ -ਪੀਟੀਆਈ