ਨਵੀਂ ਦਿੱਲੀ, 12 ਅਕਤੂਬਰ
ਕਾਂਗਰਸ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਭਾਰਤ ਦੀਆਂ ਸਰਹੱਦਾਂ ’ਤੇ ਭੂਗੋਲਿਕ ਅਖੰਡਤਾ ਦੀ ਰਾਖੀ ਤੋਂ ਵੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ‘ਫਰਜ਼ੀ ਅਕਸ’ ਦੀ ਫਿਕਰ ਹੈ ਜੋ ਉਨ੍ਹਾਂ ਖ਼ੁਦ ਹੀ ਬਣਾਇਆ ਹੋਇਆ ਹੈ। ਉਨ੍ਹਾਂ ਚੀਨ ਦੀ ਲਗਾਤਾਰ ਘੁਸਪੈਠ ਸਬੰਧੀ ਮੋਦੀ ਵੱਲੋਂ ਧਾਰੀ ਹੋਈ ਚੁੱਪੀ ’ਤੇ ਸਵਾਲ ਖੜ੍ਹੇ ਕੀਤੇ। ਟਵੀਟ ਰਾਹੀਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਤਨਜ਼ ਕੱਸਦਿਆਂ ਪ੍ਰਧਾਨ ਮੰਤਰੀ ਨੂੰ ਪੁੱਛਿਆ ਕਿ ਉਨ੍ਹਾਂ ਚੀਨ ਨੂੰ ਮੂੰਹ ਤੋੜਵਾਂ ਜਵਾਬ ਕਿਉਂ ਨਹੀਂ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਖ਼ਬਰ ਦੀ ਰਿਪੋਰਟ ਵੀ ਸਾਂਝੀ ਕੀਤੀ ਜਿਸ ਮੁਤਾਬਕ ਫੌਜ ਪੱਧਰ ਦੀ ਵਾਰਤਾ ਦੇ 13 ਗੇੜ ਮਗਰੋਂ ਵੀ ਚੀਨ ਸਰਹੱਦਾਂ ਤੋਂ ਪਿੱਛੇ ਮੁੜਨ ਲਈ ਤਿਆਰ ਨਹੀਂ ਹੈ। ਇਸੇ ਦੌਰਾਨ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਾਇਆ ਕਿ ਭਾਰਤ ਜਿਹੇ ਤਾਕਤਵਰ ਮੁਲਕ ਦੀ ਤਾਕਤਵਰ ਫ਼ੌਜ ਕੋਲ ਕਮਜ਼ੋਰ ਪ੍ਰਧਾਨ ਮੰਤਰੀ ਹਨ ਜੋ ਚੀਨ ਦਾ ਨਾਂਅ ਤੱਕ ਲੈਣ ਨੂੰ ਵੀ ਤਿਆਰ ਨਹੀਂ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ,‘ਭਾਰਤੀ ਸਰਹੱਦਾਂ ਦੀ ਭੂਗੋਲਿਕ ਅਖੰਡਤਾ ਤੋਂ ਜ਼ਿਆਦਾ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਫਰਜ਼ੀ ਅਕਸ ਦੀ ਜ਼ਿਆਦਾ ਫਿਕਰ ਹੈ ਜੋ ਉਨ੍ਹਾਂ ਨੇ ਖੁਦ ਹੀ ਬਣਾਇਆ ਹੋਇਆ ਹੈ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਤੇ ਮੰਤਰੀਆਂ ਨੂੰ ਵਿਦੇਸ਼ ਨੀਤੀ ਦੀ ਗੱਲਬਾਤ ਕਰਨ ਸਮੇਂ ਸੰਵੇਦਨਸ਼ੀਲਤਾ ਨਾਲ ਗੱਲ ਕਰਨੀ ਚਾਹੀਦੀ ਹੈ। -ਪੀਟੀਆਈ