ਦੇਹਰਾਦੂਨ, 21 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰਾਖੰਡ ਦੇ ਮਸ਼ਹੂਰ ਕੇਦਾਰਨਾਥ ਅਤੇ ਬਦਰੀਨਾਥ ਮੰਦਰਾਂ ’ਚ ਪੂਜਾ ਕੀਤੀ। ਰੁਦਰਪ੍ਰਯਾਗ ਜ਼ਿਲ੍ਹੇ ਦੇ ਕੇਦਾਰਨਾਥ ਮੰਦਰ ’ਚ ਪੂਜਾ ਮਗਰੋਂ ਪ੍ਰਧਾਨ ਮੰਤਰੀ ਹੈਲੀਕਾਪਟਰ ਰਾਹੀਂ ਚਮੋਲੀ ਦੇ ਬਦਰੀਨਾਥ ਮੰਦਰ ਪਹੁੰਚੇ। ਉਹ ਅੱਜ ਰਾਤ ਬਦਰੀਨਾਥ ’ਚ ਬਿਤਾਉਣਗੇ। ਉੱਤਰਾਖੰਡ ਦੇ ਦੋ ਰੋਜ਼ਾ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਨੇ ਪਹਾੜੀ ਲੋਕਾਂ ਦੀ ਰਵਾਇਤੀ ਸਫ਼ੈਦ ਪੁਸ਼ਾਕ ਪਹਿਨ ਕੇ ਮੰਦਰਾਂ ’ਚ ਪੂਜਾ ਕੀਤੀ ਜਿਸ ’ਤੇ ਸਵਾਸਤਿਕ ਦਾ ਪ੍ਰਤੀਕ ਵੀ ਸੀ। ਸ੍ਰੀ ਮੋਦੀ ਨੇ ਚੰਬਾ ਦੀ ਮਹਿਲਾ ਵੱਲੋਂ ਤੋਹਫ਼ੇ ’ਚ ਦਿੱਤੀ ਗਈ ਖਾਸ ਹਿਮਾਚਲੀ ਪੁਸ਼ਾਕ ਚੋਲਾ ਡੋਰਾ ਪਹਿਨੀ ਹੋਈ ਸੀ। ਹਿਮਾਚਲ ਦੇ ਦੌਰੇ ਸਮੇਂ ਮਹਿਲਾ ਨੇ ਇਹ ਖਾਸ ਪੁਸ਼ਾਕ ਉਨ੍ਹਾਂ ਨੂੰ ਦਿੱਤੀ ਸੀ। ਉਨ੍ਹਾਂ ਦੋ ਰੋਪਵੇਅ ਪ੍ਰਾਜੈਕਟਾਂ ਗੌਰੀਕੁੰਡ ਤੋਂ ਕੇਦਾਰਨਾਥ ਅਤੇ ਗੋਬਿੰਦਘਾਟ ਤੋਂ ਹੇਮਕੁੰਟ ਦਾ ਨੀਂਹ ਪੱਥਰ ਵੀ ਰੱਖਿਆ। ਗੌਰੀਕੁੰਡ-ਕੇਦਾਰਨਾਥ ਰੋਪਵੇਅ ਬਣਨ ਨਾਲ ਸ਼ਰਧਾਲੂ ਗੌਰੀਕੁੰਡ ਤੋਂ ਮੰਦਰ ਤੱਕ ਅੱਧੇ ਘੰਟੇ ਅੰਦਰ ਪਹੁੰਚ ਸਕਣਗੇ। ਉਨ੍ਹਾਂ ਮਾਨਾ-ਮਾਨਪਾਸ ਰਾਸ਼ਟਰੀ ਰਾਜਮਾਰਗ ਨੂੰ ਚੌੜਾ ਕਰਨ ਅਤੇ ਜੋਸ਼ੀਮੱਠ-ਮਲਾਰੀ ਰਾਸ਼ਟਰੀ ਰਾਜਮਾਰਗ ਨੂੰ ਚੌੜਾ ਕਰਨ ਵਰਗੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਪੁਜਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਦੇਸ਼ ਨੂੰ ਅਗਾਂਹ ਲਿਜਾਣ ਦਾ ਬਲ ਬਖ਼ਸ਼ਣ ਦੀ ਪ੍ਰਾਰਥਨਾ ਕੀਤੀ। ਸ੍ਰੀ ਮੋਦੀ ਨੇ ਆਦਿ ਗੁਰੂ ਸ਼ੰਕਰਾਚਾਰਿਆ ਦੇ ਸਮਾਧੀ ਅਸਥਾਨ ਦਾ ਦੌਰਾ ਕਰਕੇ ਉਥੇ ਕੁਝ ਸਮਾਂ ਬਿਤਾਇਆ। ਬਦਰੀਨਾਥ ਧਾਮ ’ਤੇ ਉਨ੍ਹਾਂ ਦਰਿਆ ਦੇ ਨਾਲ ਬਣੇ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ। ਇਸ ਤੋਂ ਪਹਿਲਾਂ ਰਾਜਪਾਲ ਲੈਫ਼ਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ, ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਅਤੇ ਕੇਂਦਰੀ ਮੰਤਰੀ ਅਜੈ ਭੱਟ ਨੇ ਪ੍ਰਧਾਨ ਮੰਤਰੀ ਦਾ ਦੇਹਰਾਦੂਨ ਦੇ ਜੌਲੀ ਗ੍ਰਾਂਟ ਹਵਾਈ ਅੱਡੇ ’ਤੇ ਪਹੁੰਚਣ ’ਤੇ ਸਵਾਗਤ ਕੀਤਾ। ਸ੍ਰੀ ਮੋਦੀ ਦਾ ਪ੍ਰਧਾਨ ਮੰਤਰੀ ਵਜੋਂ ਕੇਦਾਰਨਾਥ ਦਾ ਇਹ ਛੇਵਾਂ ਅਤੇ ਬਦਰੀਨਾਥ ਦਾ ਦੂਜਾ ਦੌਰਾ ਹੈ। -ਪੀਟੀਆਈ
ਪਿਛਲੀਆਂ ਸਰਕਾਰਾਂ ਨੇ ਆਸਥਾ ਕੇਂਦਰਾਂ ਨੂੰ ਅਣਗੌਲਿਆ ਕੀਤਾ: ਮੋਦੀ
ਦੇਹਰਾਦੂਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀਆਂ ਸਰਕਾਰਾਂ ’ਤੇ ਦੋਸ਼ ਲਾਇਆ ਕਿ ਉਨ੍ਹਾਂ ਦੇਸ਼ ਭਰ ਦੇ ਆਸਥਾ ਕੇਂਦਰਾਂ ਨੂੰ ਕਈ ਸਾਲਾਂ ਤੱਕ ਅਣਗੌਲਿਆ ਰੱਖਿਆ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਪੁਰਾਣੀ ਮਹਿਮਾ ਨੂੰ ਹੁਣ ਬਹਾਲ ਕਰ ਦਿੱਤਾ ਗਿਆ ਹੈ। ਕਾਸ਼ੀ ਵਿਸ਼ਵਨਾਥ ਮੰਦਰ, ਉਜੈਨ ਅਤੇ ਅਯੁੱਧਿਆ ਦੀਆਂ ਮਿਸਾਲਾਂ ਦਿੰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਅਸਥਾਨਾਂ ਨੂੰ ਗੁਲਾਮੀ ਦੀ ਮਾਨਸਿਕਤਾ ਕਾਰਨ ਕਈ ਸਾਲਾਂ ਤੱਕ ਅਣਗੌਲਿਆ ਰੱਖਿਆ ਗਿਆ। ਉੱਤਰਾਖੰਡ ’ਚ ਭਾਰਤ-ਚੀਨ ਸਰਹੱਦ ’ਤੇ ਵਸੇ ਪਿੰਡ ਮਾਨਾ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਵਿਰਾਸਤ ’ਤੇ ਮਾਣ ਹੈ ਅਤੇ 21ਵੀਂ ਸਦੀ ਦੇ ਭਾਰਤ ਦੇ ਵਿਕਾਸ ਦੀ ਇਹ ਨੀਂਹ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਹੋਰ ਮੁਲਕਾਂ ’ਚ ਆਸਥਾ ਦੇ ਕੇਂਦਰਾਂ ਦੀ ਸ਼ਲਾਘਾ ਕਰਦੇ ਕਦੇ ਨਹੀਂ ਥੱਕਦੇ ਸਨ ਪਰ ਉਹ ਆਪਣੇ ਮੁਲਕ ਦੇ ਧਾਰਮਿਕ ਅਸਥਾਨਾਂ ਨੂੰ ਮਾਣ-ਸਨਮਾਨ ਨਹੀਂ ਦਿੰਦੇ ਸਨ। ‘ਸਾਡੇ ਆਸਥਾ ਦੇ ਕੇਂਦਰ ਸਿਰਫ਼ ਢਾਂਚੇ ਨਹੀਂ ਹਨ, ਉਹ ਸਾਡੀ ਸੱਭਿਆਚਾਰਕ ਵਿਰਾਸਤ ਦੇ ਪ੍ਰਤੀਕ ਹਨ ਜੋ ਹਜ਼ਾਰਾਂ ਸਾਲ ਪੁਰਾਣੀ ਹੈ। ਉਹ ਸਾਡੀ ਸ਼ਾਹ ਰਗ ਹਨ।’ ਸ੍ਰੀ ਮੋਦੀ ਨੇ ਕਿਹਾ ਕਿ ਪਹਿਲਾਂ ਕੇਦਾਰਨਾਥ ਦੇ ਦਰਸ਼ਨਾਂ ਲਈ ਚਾਰ ਤੋਂ ਪੰਜ ਲੱਖ ਸ਼ਰਧਾਲੂ ਆਉਂਦੇ ਸਨ ਪਰ ਹੁਣ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਇਸ ਸਾਲ ਰਿਕਾਰਡ 45 ਲੱਖ ਲੋਕਾਂ ਨੇ ਮੰਦਰ ’ਚ ਮੱਥਾ ਟੇਕਿਆ। ਉਨ੍ਹਾਂ ਕਿਹਾ ਕਿ ਹਿਮਾਲਿਆ ਦੇ ਆਸਥਾ ਕੇਂਦਰਾਂ ਦੇ ਵਿਕਾਸ ਪ੍ਰਾਜੈਕਟਾਂ ਨਾਲ ਨਾ ਸਿਰਫ਼ ਸ਼ਰਧਾਲੂਆਂ ਦੀ ਗਿਣਤੀ ਵਧੀ ਹੈ ਸਗੋਂ ਇਸ ਨਾਲ ਸਥਾਨਕ ਲੋਕਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਏ ਹਨ ਜਿਸ ਨਾਲ ਅਰਥਚਾਰੇ ਨੂੰ ਹੁਲਾਰਾ ਮਿਲੇਗਾ। -ਪੀਟੀਆਈ