ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵਿੱਟਰ ਹੈਂਡਲ ਅੱਜ ਕੁਝ ਸਮੇਂ ਲਈ ਹੈਕ ਕਰ ਲਿਆ ਗਿਆ। ਇਸ ਦੌਰਾਨ ਇਕ ਟਵੀਟ ਕੀਤਾ ਗਿਆ ਜਿਸ ’ਚ ਲਿਖਿਆ ਹੋਇਆ ਸੀ ਕਿ ਭਾਰਤ ਨੇ ‘ਬਿਟਕੁਆਇਨ ਨੂੰ ਕਾਨੂੰਨੀ ਲੈਣ-ਦੇਣ ਦੇ ਰੂਪ ਵਿਚ ਸਵੀਕਾਰ ਕਰ ਲਿਆ ਹੈ।’ ਪ੍ਰਧਾਨ ਮੰਤਰੀ ਦਫ਼ਤਰ ਨੇ ਮਗਰੋਂ ਕਿਹਾ ਕਿ ਅਕਾਊਂਟ ਨੂੰ ਤੁਰੰਤ ਸੁਰੱਖਿਅਤ ਕਰ ਲਿਆ ਗਿਆ ਤੇ ਮਾਮਲਾ ਟਵਿੱਟਰ ਕੋਲ ਉਠਾਇਆ ਗਿਆ ਹੈ। ਮੰਤਰਾਲੇ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਦੌਰਾਨ ਕੀਤੇ ਗਏ ਕਿਸੇ ਵੀ ਟਵੀਟ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇ। ਟਵੀਟ ਵਿਚ ਇਹ ਦਾਅਵਾ ਵੀ ਕੀਤਾ ਗਿਆ ਕਿ ਭਾਰਤ ਨੇ 500 ਬੀਟੀਸੀ ਖ਼ਰੀਦੇ ਹਨ ਤੇ ਇਹ ਦੇਸ਼ ਦੇ ਨਾਗਰਿਕਾਂ ਨੂੰ ਵੰਡੇ ਜਾ ਰਹੇ ਹਨ। ਇਸ ਵਿਚ ਇਕ ਲਿੰਕ ਸ਼ੇਅਰ ਕਰ ਕੇ ਲੋਕਾਂ ਨੂੰ ਜਲਦੀ ਕਰਨ ਲਈ ਕਿਹਾ ਗਿਆ। ਇਸ ਤੋਂ ਇਲਾਵਾ ਲਿਖਿਆ ਗਿਆ ‘ਭਵਿੱਖ ਅੱਜ ਆ ਗਿਆ ਹੈ।’ ਕਈਆਂ ਨੇ ਤੁਰੰਤ ਇਸ ਗੱਲ ਵੱਲ ਇਸ਼ਾਰਾ ਕੀਤਾ ਕਿ ਅਕਾਊਂਟ ਹੈਕ ਹੋ ਗਿਆ ਹੈ। ਯੂਥ ਕਾਂਗਰਸ ਦੇ ਪ੍ਰਧਾਨ ਸ੍ਰੀਨਿਵਾਸ ਬੀਵੀ ਨੇ ਵਿਅੰਗ ਕਸਦਿਆਂ ਸਕਰੀਨਸ਼ਾਟ ਸ਼ੇਅਰ ਕਰਦਿਆਂ ਟਵੀਟ ਕੀਤਾ, ‘ਗੁੱਡ ਮੌਰਨਿੰਗ ਮੋਦੀ ਜੀ, ਸਭ ਚੰਗਾ ਸੀ?’ ਇਹ ਪਹਿਲੀ ਵਾਰ ਨਹੀਂ ਹੈ ਕਿ ਪ੍ਰਧਾਨ ਮੰਤਰੀ ਦਾ ਟਵਿੱਟਰ ਹੈਂਡਲ ਹੈਕ ਹੋਇਆ ਹੈ। ਸਤੰਬਰ 2020 ਵਿਚ ਉਨ੍ਹਾਂ ਦੀ ਨਿੱਜੀ ਵੈੱਬਸਾਈਟ ਵੀ ਹੈਕ ਹੋ ਗਈ ਸੀ। ਉਸ ਵੇਲੇ ਵੀ ਬਿਟਕੁਆਇਨ ਬਾਰੇ ਹੀ ਟਵੀਟ ਕੀਤਾ ਗਿਆ ਸੀ। ਹੈਕਰਾਂ ਨੇ ਬਿਟਕੁਆਇਨ (ਕ੍ਰਿਪਟੋਕਰੰਸੀ) ਦੇ ਪ੍ਰਚਾਰ ਲਈ ਸਿਰਫ਼ ਮੋਦੀ ਦਾ ਹੀ ਨਹੀਂ ਬਲਕਿ ਬਰਾਕ ਓਬਾਮਾ ਤੇ ਬਿਲ ਗੇਟਸ ਜਿਹੀਆਂ ਸ਼ਖ਼ਸੀਅਤਾਂ ਦੇ ਅਕਾਊਂਟ ਵੀ ਹੈਕ ਕੀਤੇ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਹਾਲ ਹੀ ਵਿਚ ਕ੍ਰਿਪਟੋਕਰੰਸੀ ਵਿਰੁੱਧ ਸਖ਼ਤ ਰੁਖ਼ ਅਖ਼ਤਿਆਰ ਕੀਤਾ ਹੈ। -ਪੀਟੀਆਈ
ਸਾਈਬਰ ਸੁਰੱਖਿਆ ’ਚ ਖਾਮੀਆਂ ਉਜਾਗਰ ਹੋਈਆਂ: ਵਿਰੋਧੀ ਧਿਰ
ਨਵੀਂ ਦਿੱਲੀ: ਵਿਰੋਧੀ ਧਿਰ ਦੇ ਆਗੂਆਂ ਨੇ ਕਿਹਾ ਕਿ ਇਹ ਸਾਈਬਰ ਸੁਰੱਖਿਆ ਵਿਚ ਖਾਮੀਆਂ ਦਾ ਖੁਲਾਸਾ ਕਰਦਾ ਹੈ। ਉਨ੍ਹਾਂ ਨਾਲ ਹੀ ਸਵਾਲ ਕੀਤਾ ਕਿ ਕੀ ਸਾਰੇ ਭਾਰਤੀਆਂ ਦਾ ਆਧਾਰ ਡੇਟਾ ਸੁਰੱਖਿਅਤ ਹੈ। ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਨੀਤੀ ਬਣਾਉਣ ਵਾਲਿਆਂ ਨੂੰ ਸਮਝਣ ਦੀ ਲੋੜ ਹੈ ਕਿ ਸਾਈਬਰ ਸੁਰੱਖਿਆ ਵੀ ਬਰਾਬਰ ਹੀ ਮਹੱਤਵਪੂਰਨ ਹੈ। ਰਾਜ ਸਭਾ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਕਿ ਮੁਲਕ ਵਿਚ ਸਾਈਬਰ ਸੁਰੱਖਿਆ ਦਾ ਪੱਧਰ ਪਤਾ ਲੱਗ ਗਿਆ ਹੈ। ਵਿਰੋਧੀ ਧਿਰ ਨੇ ਸਵਾਲ ਕੀਤਾ ਕਿ ਜੇ ਪ੍ਰਧਾਨ ਮੰਤਰੀ ਦਾ ਅਕਾਊਂਟ ਹੀ ਸਰਕਾਰ ਸੁਰੱਖਿਅਤ ਨਹੀਂ ਰੱਖ ਸਕਦੀ ਤਾਂ ਕਰੋੜਾਂ ਭਾਰਤੀਆਂ ਦਾ ਆਧਾਰ ਡੇਟਾ ਕਿਵੇਂ ਸੁਰੱਖਿਅਤ ਰੱਖਿਆ ਜਾ ਰਿਹਾ ਹੈ। -ਪੀਟੀਆਈ